ਪਟਿਆਲਾ: ਸਿਵਲ ਲਾਈਨ ਥਾਣੇ ਵਿੱਚ ਕੁਝ ਲੋਕਾਂ ਵੱਲੋਂ ਪੁਲਿਸ ਨੂੰ ਗੁੰਮਰਾਹ ਕਰ ਕੇਸ ਦਰਜ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਗੁੰਮਰਾਹ ਕਰਨ ਵਾਲੇ ਲੋਕ ਖੁਦ ਹੀ ਪੁਲਿਸ ਦੇ ਸ਼ਿਕੰਜੇ ਵਿੱਚ ਫਸ ਗਏ।
ਗੁੰਮਰਾਹ ਕਰ ਕੇਸ ਦਰਜ ਕਰਾਉਣ ਵਾਲੇ ਲੋਕਾਂ ਨੂੰ ਪੁਲਿਸ ਨੇ ਕੀਤਾ ਕਾਬੂ - ਪੁਲਿਸ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ
ਪੁਲਿਸ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਦੀ ਜਾਣਕਾਰੀ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਦਿੱਤੀ।
ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਰਾਤ ਪਹਿਲਾਂ ਦਰੁ ਕੁਟੀਆ ਮੁਹੱਲਾ ਤੋਂ ਬ੍ਰਿਜਲਾਲ ਨਾਮ ਦੇ ਵਿਅਕਤੀ ਨੇ ਇੱਕ ਫੋਨ ਕਰ ਕੇ ਸੂਚਨਾ ਦਿੱਤੀ ਸੀ ਕਿ ਇੱਕ ਅਣਪਛਾਤਾ ਵਿਅਕਤੀ ਜ਼ਖਮੀ ਹਾਲਤ ਵਿੱਚ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਿਆ ਜਿਸ ਕੋਲ ਇੱਕ ਪਿਸਤੌਲ ਹੈ ਤੇ ਉਸ ਨੇ ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਦੇਖਿਆ ਤਾਂ ਉੱਥੇ ਜ਼ਖ਼ਮੀ ਹਾਲਤ ਵਿੱਚ ਜਗਸੀਰ ਸਿੰਘ ਨਾਂਅ ਦਾ ਵਿਅਕਤੀ ਮੌਜੂਦ ਸੀ। ਪੁਲਿਸ ਨੇ ਪਹਿਲਾਂ ਜਗਸੀਰ ਸਿੰਘ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਉੱਥੇ ਪੁਲਿਸ ਨੂੰ ਜਗਸੀਰ ਕੋਲੋਂ ਇੱਕ 315 ਬੌਰ ਦੀ ਪਿਸਤੌਲ ਬਰਾਮਦ ਹੋਈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਜਦੋਂ ਜਗਸੀਰ ਸਿੰਘ ਦਾ ਪਿਛੋਕੜ ਦੇਖਿਆ ਤਾਂ ਪੁਲਿਸ ਨੂੰ ਜਗਸੀਰ ਸਿੰਘ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ। ਪਰ ਪੁਲਿਸ ਨੂੰ ਬ੍ਰਿਜਲਾਲ ਦੇ ਪੁੱਤਰ ਵਿਰੁੱਧ ਜਗਸੀਰ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਹੋਈ ਮਿਲੀ ਸੀ। ਜਿਸ ਦਾ ਬਦਲਾ ਲੈਣ ਲਈ ਪਹਿਲਾਂ ਬ੍ਰਿਜਲਾਲ ਨੇ ਤੇ ਉਸ ਦੇ ਪੱਤਰ ਤੇ ਕੁਝ ਹੋਰ ਵਿਅਕਤੀਆਂ ਨੇ ਜਗਸੀਰ ਸਿੰਘ ਨੂੰ ਘਰ ਦੇ ਬਾਹਰ ਬੇਹਰਿਮੀ ਨਾਲ ਕੁੱਟਿਆ ਫਿਰ ਉਸ ਨੂੰ ਘਰ ਵਿੱਚ ਦਾਖਲ ਕਰ ਉਸ ਕੋਲ ਪਿਸਤੌਲ ਰੱਖ ਦਿੱਤੀ ਜਿਸ ਨਾਲ ਪੁਲਿਸ ਨੂੰ ਜਗਸੀਰ ਸਿੰਘ ਉੱਤੇ ਸ਼ੱਕ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਗੁੰਮਰਾਹ ਕਰਨ ਵਾਲੇ ਬ੍ਰਿਜਲਾਲ ਤੇ ਉਸ ਦੇ ਪੁੱਤਰ ਅਤੇ 3 ਹੋਰ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਹੈ।