ਪਟਿਆਲਾ : ਭਾਵੇਂ ਲੋਕ ਸਭਾ ਦੀਆਂ ਵੋਟਾਂ ਪੈ ਗਈਆਂ ਹਨ, ਪਰ ਕੁਰਸੀ ਦੀ ਸਿਆਸਤ ਹਾਲੇ ਵੀ ਜਾਰੀ ਹੈ। ਇਸੇ ਨੂੰ ਲੈ ਕੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੂੰ ਆਪਣੀ ਹੀ ਪਾਰਟੀ ਵਲੋਂ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਲਕਾ ਘਨੌਰ ਤੋਂ ਵਿਧਾਇਕ ਮਦਨਲਾਲ ਜਲਾਲਪੁਰ ਨੇ ਨਵਜੋਤ ਸਿੱਧੂ ਵਿਰੁੱਧ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਪਰਨੀਤ ਕੌਰ ਨੂੰ ਹਰਾ ਕੇ ਕੈਪਟਨ ਅਮਰਿੰਦਰ ਤੋਂ ਅਸਤੀਫ਼ਾ ਮੰਗਣਾ ਚਾਹੁੰਦੇ ਸਨ।
ਹਲਕਾ ਵਿਧਾਇਕ ਮਦਨਲਾਲ ਜਲਾਲਪੁਰ। ਉਨ੍ਹਾਂ ਸਿੱਧੂ 'ਤੇ ਹੋਰ ਹਮਲੇ ਕਰਦੇ ਹੋਏ ਕਿਹਾ ਕਿ ਸਿੱਧੂ ਨੇ 2 ਸਾਲ ਵਿੱਚ ਸਾਡੇ ਹਲਕੇ ਦਾ ਕੋਈ ਵਿਕਾਸ ਨਹੀਂ ਕਰਵਾਇਆ। ਅਸੀਂ ਚੱਕਰ ਕੱਟਦੇ ਰਹਿ ਗਏ, ਪਰ ਸਿੱਧੂ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ। ਪਰ ਅਮਰਿੰਦਰ ਸਿੰਘ ਵੱਲੋਂ ਸਾਡੇ ਹਲਕੇ ਨੂੰ ਫੰਡ ਦੇ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਘਨੌਰ ਹਲਕੇ ਤੋਂ ਪਰਨੀਤ ਕੌਰ ਨੂੰ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਹੋਵੇਗੀ ਅਤੇ ਅਸੀਂ ਉਨ੍ਹਾਂ ਦੀ ਜਿੱਤ ਲਈ ਪੂਰੀ ਜਾਅ-ਜਾਨ ਲਾ ਦਿਆਂਗੇ।
ਹਾਲਾਂਕਿ ਇਹ ਤਾਂ ਕੱਲ੍ਹ ਨੂੰ ਹੀ ਪਤਾ ਚੱਲੇਗਾ ਕਿ ਮਦਨਲਾਲ ਜਲਾਲਪੁਰ ਦੇ ਪਰਨੀਤ ਕੌਰ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਕਿੰਨੇ ਕੁ ਸਹੀ ਸਾਬਤ ਹੁੰਦੇ ਹਨ ਕਿਉਂਕਿ ਪਟਿਆਲਾ ਤੋਂ ਡਾ.ਧਰਮਵੀਰ ਗਾਂਧੀ ਪ੍ਰਨੀਤ ਕੌਰ ਨੂੰ ਸਖ਼ਤ ਟੱਕਰ ਦਿੰਦੇ ਨਜ਼ਰ ਆ ਰਹੇ ਹਨ।