ਪਟਿਆਲਾ: ਪੰਜਾਬ ਸਰਕਾਰ (Government of Punjab) ਵੱਲੋਂ ਪੀਆਰਟੀਸੀ (PRTC) ਦੇ ਨਵੇ ਨਿਯੁਕਤ ਕੀਤੇ ਗਏ ਚੇਅਰਮੈਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Waring), ਆਪਣੀ ਮਾਤਾ ਸ੍ਰੀਮਤੀ ਅਜਮੇਰ ਕੌਰ 'ਤੇ ਪਤਨੀ ਬਲਜੀਤ ਕੌਰ ਸਮੇਤ ਹੋਰਨਾਂ ਸਖ਼ਸੀਅਤਾਂ ਦੀ ਮੌਜੂਦਗੀ 'ਚ ਪੀਆਰਟੀਸੀ ਦੇ ਮੁੱਖ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Waring) ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi), ਜਿਸ ਤਰ੍ਹਾਂ ਖ਼ੁਦ ਆਮ ਲੋਕਾਂ 'ਚੋਂ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਨੇ ਉਸੇ ਤਰ੍ਹਾਂ ਹੀ ਲੋਕਾਂ ਤੇ ਪਾਰਟੀ ਦੀ ਸੇਵਾ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦਾ ਮਾਣ-ਸਤਿਕਾਰ ਕਰਕੇ ਅਹਿਮ ਅਹੁਦੇ ਦੇ ਕੇ ਨਿਵਾਜਿਆ ਹੈ। ਜਿਸ ਨਾਲ ਵੱਡਾ ਸੁਨੇਹਾ ਲੋਕਾਂ ਤੱਕ ਪੁੱਜਿਆ ਹੈ।
ਵੜਿੰਗ ਨੇ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਦਿੱਤਾ ਹੈ ਮੌਕਾ
ਵੜਿੰਗ ਨੇ ਸਤਵਿੰਦਰ ਸਿੰਘ ਚੈੜੀਆਂ (Satwinder Singh Chedia) ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਖ਼ੁਦ ਇੱਕ ਆਮ ਪਰਿਵਾਰ 'ਚੋਂ ਉਠੇ ਹਨ ਪਰ ਪਿਛਲੇ ਸਾਢੇ ਚਾਰ ਸਾਲ ਉਨ੍ਹਾਂ ਨੂੰ ਮੌਕਾ ਨਹੀਂ ਮਿਲ ਸਕਿਆ, ਪਰ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਜਿਸ ਦੀ ਬਦੌਲਤ ਉਹ ਰਾਜ ਦੀ ਕੈਬਨਿਟ 'ਚ ਸਭ ਤੋਂ ਛੋਟੀ ਉਮਰ ਦੇ ਮੰਤਰੀ ਬਣੇ ਹਨ।
10 ਹਜ਼ਾਰ ਲੋਕਾਂ ਨੂੰ ਕੀਤਾ ਜਾ ਸਕਦਾ ਹੈ ਰੋਜ਼ਗਾਰ ਪ੍ਰਦਾਨ
ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਮਾਫ਼ੀਏ 'ਤੇ ਸਿਕੰਜਾ ਕਸਣ ਕਰਕੇ ਪੀਆਰਟੀਸੀ (PRTC) 'ਤੇ ਪਨਬਸ ਦੀ ਰੋਜ਼ਾਨਾ ਦੀ ਆਮਦਨ 1 ਕਰੋੜ ਤੋਂ ਵੀ ਵੱਧ ਹੈ, ਜਿਸ ਨਾਲ ਇੱਕ ਸਾਲ 'ਚ 1025 ਨਵੀਆਂ ਬੱਸਾਂ ਪਾਈਆਂ ਜਾ ਸਕਦੀਆਂ ਸਨ ਅਤੇ 10 ਹਜ਼ਾਰ ਲੋਕਾਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੂੰ ਮੰਤਰੀ ਤੋਂ ਸੰਤਰੀ ਬਣਾਉਣ ਦੀਆਂ ਮਿਲ ਰਹੀਆਂ ਹਨ ਧਮਕੀਆਂ
ਟਰਾਂਸਪੋਰਟ ਮੰਤਰੀ (Minister of Transport) ਨੇ ਕਿਹਾ ਕਿ ਜੇਕਰ ਕੁਝ ਦਿਨ੍ਹਾਂ 'ਚ ਸਰਕਾਰੀ ਬੱਸਾਂ ਦੀ ਆਮਦਨ ਵਧ ਸਕਦੀ ਹੈ ਤਾਂ ਪਿਛਲੇ ਸਾਢੇ 14 ਸਾਲਾਂ 'ਚ ਜੋ ਲੁੱਟ ਮਚਾਈ ਗਈ, ਉਸ ਨਾਲ ਕਿੰਨਾ ਵੱਡਾ ਘਾਟਾ ਪਿਆ ਹੈ। ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਫੈਸਲਾ ਕੀਤਾ ਹੈ ਕਿ ਰਾਜ 'ਚ 5000 ਬੱਸਾਂ ਦੇ ਪਰਮਿਟ ਆਮ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਪੰਜਾਬ ਵਿੱਚੋਂ ਟਰਾਂਸਪੋਰਟ ਮਾਫ਼ੀਏ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ।