ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਦਿਨ ਦਿਹਾੜੇ ਮਾਇੰਨਿੰਗ ਸਰਗਰਮ ਹੈ। ਰੋਜ਼ ਕਰੋੜਾਂ ਦੀ ਰੇਤ ਵੱਡੀ ਨਦੀ ਚੋਂ ਪੁੱਟ ਕੇ ਟਿੱਪਰ ਵਿੱਚ ਪਾ ਕੇ ਢਾਹੀ ਜਾ ਰਹੀ ਹੈ, ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਆਖ਼ਰ ਇਹ ਰੇਤ ਕਿੱਥੇ ਜਾ ਰਹੀ ਹੈ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਨਦੀ ਬਰਸਾਤਾਂ ਵਿੱਚ ਪਿੰਡਾਂ 'ਚ ਪਾਣੀ ਦਾਖ਼ਲ ਹੋਣ ਤੋਂ ਬਚਾਅ ਕਰਦੀ ਹੈ, ਪਰ ਇਸ ਤਰ੍ਹਾਂ ਮਿੱਟੀ ਪੁੱਟ ਕੇ ਇਸ ਦੇ ਕਿਨਾਰੇ ਕਮਜ਼ੋਰ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਹਰ ਸਾਲ ਬਰਸਾਤ ਵਿੱਚ ਇਸੇ ਨਦੀ ਕਾਰਨ ਆਸ ਪਾਸ ਦੀਆਂ ਕਾਲੋਨੀਆਂ ਵਿੱਚ ਪਾਣੀ ਚਲਾ ਜਾਂਦਾ ਹੈ ਅਤੇ ਹੜ੍ਹ ਵਰਗੀ ਸਥਿਤੀ ਬਣਦੀ ਹੈ। ਇਹ ਮਿੱਟੀ ਪਿਛਲੇ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਰੁੱਕ ਰੁੱਕ ਕੇ ਕਢਵਾਈ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਰਾਜਪੁਰਾ ਰੋਡ ਉੱਤੇ ਸਿੱਧ ਗੁਰਦੁਆਰਾ ਕਾਰ ਸੇਵਾ ਗੋਬਿੰਦ ਬਾਗ ਕੋਲ ਵੱਡੀ ਨਦੀ ਵਿੱਚ ਮਿੱਟੀ ਕੱਢੀ ਜਾ ਰਹੀ ਹੈ। ਅਜਿਹਾ ਕੰਮ ਜ਼ੋਰਾਂ ਨਾਲ ਦਿਨ ਦਿਹਾੜੇ ਚੱਲ ਰਿਹਾ ਹੈ। ਤਕਰੀਬਨ 17-18 ਫੁੱਟ ਦੇ ਨਜ਼ਦੀਕ ਮਿੱਟੀ ਇਸ ਚੋਂ ਕੱਢੀ ਜਾ ਚੁੱਕੀ ਹੈ, ਜਦਕਿ ਮੌਕੇ 'ਤੇ ਪਹੁੰਚੇ ਕੰਟਰੈਕਟਰ ਰਵਨੀਤ ਸਿੰਘ ਦਾ ਕਹਿਣਾ ਹੈ ਕਿ ਇਹ ਮਿੱਟੀ ਸ਼ਹਿਰ ਵਿਚ ਪੈ ਰਹੇ ਸੀਵਰੇਜ ਦੇ ਕੰਮਾਂ ਵਿੱਚ ਵਰਤੀ ਜਾ ਰਹੀ ਹੈ।