ਨਾਭਾ: ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਪਹੁੱਚ ਕੇ ਮੀਡੀਆ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਸੁਖਬੀਰ ਬਾਦਲ ਵੱਲੋਂ ਕੈਪਟਨ ਨੂੰ ਦਿੱਲੀ ਜਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਬਾਰੇ ਕਹਿਣ 'ਤੇ ਧਰਮਸੋਤ ਨੇ ਕਿਹਾ ਕਿ ਉਹ ਦਿੱਲੀ ਜਾਣ ਲਈ ਤਿਆਰ ਹਨ ਪਰ ਸੁਖਬੀਰ ਬਾਦਲ ਨੇ ਲੱਗਦਾ ਸੁਣਿਆ ਨਹੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਤਾਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਉਹ ਕਿਸਾਨਾਂ ਦੇ ਨਾਲ ਜਾਣ ਲਈ ਤਿਆਰ ਹਨ।
ਆਪ ਵੱਲੋਂ ਜੰਤਰ-ਮੰਤਰ ’ਤੇ ਧਰਨਾ ਦੇਣ 'ਤੇ ਭੜਕੇ ਧਰਮਸੋਤ, ਕਿਹਾ ਕੇਜਰੀਵਾਲ ਹੁਣ ਤੱਕ ਇੱਕ ਸ਼ਬਦ ਨਹੀਂ ਬੋਲੇ ਖੇਤੀ ਕਾਨੂੰਨਾਂ ਬਾਰੇ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ 'ਚ ਦਿੱਲੀ ਵਿਖੇ ਜੰਤਰ-ਮੰਤਰ 'ਚ ਧਰਨਾ ਪ੍ਰਦਰਸ਼ਨ ਕਰਨ ਦੇ ਐਲਾਨ 'ਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੇਜਰੀਵਾਲ ਨੇ ਹੁਣ ਤੱਕ ਖੇਤੀ ਕਾਨੂੰਨਾਂ ਬਾਰੇ ਇੱਕ ਸ਼ਬਦ ਨਹੀਂ ਬੋਲਿਆ, ਆਪ ਵਾਲੇ ਕੀ ਕਰਨਗੇ ਦਿੱਲੀ 'ਚ ਧਰਨਾ ਦੇ ਕੇ। ਧਰਮਸੋਤ ਨੇ ਕਿਹਾ ਇਹ ਸਭ ਰਲੇ ਹੋਏ ਹਨ।
ਧਰਮਸੋਤ ਨੇ ਅੱਗੇ ਨਵਜੋਤ ਸਿੰਘ ਸਿੱਧੂ 'ਤੇ ਬੋਲਦਿਆਂ ਕਿਹਾ ਕਿ ਸਿੱਧੂ ਉਨ੍ਹਾਂ ਦੇ ਵੱਡੇ ਕਾਂਗਰਸੀ ਲੀਡਰ ਹਨ। ਬਿਹਾਰ ਵਿਧਾਨ ਸਭਾ ਵਿੱਚ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਨਾਂਅ ਕੱਟਣ 'ਤੇ ਧਰਮਸੋਤ ਨੇ ਕਿਹਾ ਕਿ ਸਿੱਧੂ ਸਾਹਿਬ ਨੂੰ ਕੋਈ ਕੰਮ ਵੀ ਹੋ ਸਕਦਾ ਪਰ ਸਾਰੇ ਉੱਥੇ ਕੀ ਕਰਨਗੇ।
ਇਸ ਦੇ ਨਾਲ ਹੀ ਧਰਮਸੋਤ ਨੇ ਕਿਸਾਨਾਂ ਨੂੰ ਰੇਲਾਂ ਲਈ ਰਾਹ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜ਼ਰੂਰੀ ਚੀਜ਼ਾਂ ਪੰਜਾਬ ਵਿੱਚ ਆਉਣੀਆਂ ਜ਼ਰੂਰੀ ਹਨ। ਜੇਕਰ ਕੋਲਾ ਖ਼ਤਮ ਹੋ ਜਾਏਗਾ ਤਾਂ ਕਾਫੀ ਮੁਸ਼ਕਿਲਾਂ ਪੰਜਾਬ ਵਿੱਚ ਪੈਦਾ ਹੋ ਜਾਵੇਗੀ।
ਵਜ਼ੀਫਾ ਘੁਟਾਲੇ ਬਾਰੇ ਬੋਲਦੇ ਹੋਏ ਧਰਮਸੋਤ ਨੇ ਕਿਹਾ ਕਿ ਇਹ ਮਾਮਲਾ ਮੁੱਕ ਚੁੱਕਿਆ ਹੈ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ। ਧਰਮਸੋਤ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਤਾਂ ਵੇਲੀਆਂ ਹਨ, ਇਸ ਤਰ੍ਹਾਂ ਦੇ ਕੰਮ ਕਰਨ ਲਈ ਇਹ ਮੁੱਦੇ ਭਾਲਦੀਆਂ ਹਨ।