ਭਾਦਸੋਂ:ਪੀੜਤ ਪਰਿਵਾਰ ਵੱਲੋਂ ਸੁਖਚੈਨ ਦਾਸ ਦਾ 3 ਦਿਨ ਬਾਅਦ ਵੀ ਅੰਤਮ ਸੰਸਕਾਰ ਨਹੀਂ ਕੀਤਾ ਗਿਆ ਅਤੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਫੈਕਟਰੀ ਦੇ ਕੁਝ ਵਿਅਕਤੀਆਂ ਨੇ ਉਸਦਾ ਕਤਲ ਕੀਤਾ ਹੈ। ਜਿਸ ਕਰਕੇ ਹੁਣ ਪੀੜਤ ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਸ਼ ਨੂੰ ਰੱਖ ਕੇ ਧਰਨਾ ਦੇ ਦਿੱਤਾ ਹੈ। ਪੀੜਤ ਪਰਿਵਾਰ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ (Police Inaction) ‘ਤੇ ਸਵਾਲ ਵੀ ਉਠਾਏ ਹਨ।
ਤਿੰਨ ਦਿਨ ਪਹਿਲਾਂ ਹੋਇਆ ਸੀ ਕਤਲ
ਜਿਕਰਯੋਗ ਹੈ ਕਿ ਨਾਭਾ ਬਲਾਕ ਦੇ ਪਿੰਡ ਹੱਲੋਤਾਲੀ ਦੇ ਰਹਿਣ ਵਾਲੇ ਸੁਖਚੈਨ ਦਾਸ ਦਾ 3 ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਜਦੋਂ ਉਹ ਡਿਊਟੀ ‘ਤੋਂ ਪਰਤ ਰਿਹਾ ਸੀ ਤਾਂ ਰਾਤ ਦੇ ਸਮੇਂ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਦਾ ਬੁਲਟ ਮੋਟਰਸਾਈਕਲ ਵੀ ਲੈ ਕੇ ਲੁਟੇਰੇ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਪੁਲੀਸ ਵੱਲੋਂ ਕਾਤਲਾਂ ਨੂੰ ਲੱਭਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਪਰ ਪੁਲਸ ਦੇ ਹੱਥ ਅਜੇ ਕੁਝ ਵੀ ਨਹੀਂ ਲੱਗਿਆ ਹੈ।
ਫੈਕਟਰੀ ਵਿੱਚ ਹੁੰਦੇ ਘਪਲੇ ਦਾ ਸੁਖਚੈਨ ਨੂੰ ਸੀ ਪਤਾ-ਪਿਤਾ
ਪੀੜਤ ਸੁਖਚੈਨ ਦਾਸ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਸੁਖਚੈਨ ਨੂੰ ਪਤਾ ਸੀ ਕਿ ਫੈਕਟਰੀ ਵਿੱਚ ਵੱਡੇ ਪੱਧਰ ਤੇ ਘਪਲਾ ਹੋ ਰਿਹਾ ਸੀ ਤੇ ਇਸੇ ਕਰਕੇ ਸੁਖਚੈਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਦਰਸ਼ਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਇਹ ਜੋ ਕਤਲ ਕੀਤਾ ਗਿਆ ਫੈਕਟਰੀ ਦੇ ਕੁਝ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ, ਕਿਉਂਕਿ ਵੱਡੇ ਪੱਧਰ ਤੇ ਫੈਕਟਰੀ ਵਿੱਚ ਕੁਝ ਵਿਅਕਤੀ ਘਪਲਾ (Scam in Factory) ਕਰ ਰਹੇ ਸੀ। ਜਿਸ ਕਰਕੇ ਸੁਖਚੈਨ ਦਾਸ ਨੂੰ ਇਸ ਦਾ ਪਤਾ ਸੀ। ਜਿਸ ਕਰਕੇ ਉਨ੍ਹਾਂ ਨੂੰ ਡਰ ਸੀ ਕਿ ਸੁਖਚੈਨ ਇਹ ਗੱਲ ਬਾਹਰ ਦੱਸੇਗਾ। ਜਿਸ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ।