ਪਟਿਆਲਾ: ਇੱਕ ਸਾਲ ਪਹਿਲਾਂ ਹੋਏ ਦੋ ਛੋਟੇ ਬੱਚਿਆਂ ਦੇ ਕਤਲ ਕੇਸ ਨੂੰ ਪਟਿਆਲਾ ਪੁਲਿਸ ਆਖਿਰਕਾਰ ਸੁਲਝਾ ਲਿਆ ਹੈ। ਦੱਸ ਦਈਏ ਕਿ ਇਸ ਮਾਮਲੇ ’ਚ ਬੱਚਿਆ ਦਾ ਕਤਲ ਕਰਨ ਵਾਲੀ ਉਨ੍ਹਾਂ ਦੀ ਮਾਂ ਹੀ ਸੀ ਜਿਸਨੇ ਆਸ਼ਿਕੀ ਦੇ ਚੱਕਰ ’ਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਮਾਂ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਪੁਲਿਸ ਨੇ ਦੋਹਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਇਸ ਤੋ ਇਲਾਵਾ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਪਟਿਆਲਾ ਕੋਰਟ ’ਚ ਪੇਸ਼ ਕਰ 5 ਦਿਨ ਦਾ ਰਿਮਾਂਡ ਵੀ ਹਾਸਿਲ ਕਰ ਲਿਆ ਹੈ।
ਮਾਂ ਨੇ ਆਪਣੇ ਬੱਚਿਆ ਦਾ ਕੀਤਾ ਕਤਲ
ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਜ਼ਿਲ੍ਹਾ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਹੋਏ ਦੋ ਬੱਚਿਆਂ ਦੇ ਕਤਲ ਕੇਸ ਨੂੰ ਸੁਲਝਾ ਦਿੱਤਾ ਗਿਆ ਹੈ। ਜਿਨ੍ਹਾਂ ਬੱਚਿਆ ਦਾ ਕਤਲ ਹੋਇਆ ਸੀ ਉਸ ਚੋਂ ਇੱਕ ਬੱਚੇ ਦੀ ਉਮਰ 10 ਸਾਲ ਅਤੇ ਦੂਸਰੇ ਦੀ 8 ਸਾਲ ਸੀ। ਇਹਨਾਂ ਦੀ ਮਾਂ ਨੇ ਹੀ ਇਨ੍ਹਾਂ ਦਾ ਕਤਲ ਕੀਤਾ ਸੀ। ਸਾਹਮਣੇ ਆਇਆ ਹੈ ਕਿ ਉਸਨੇ ਆਪਣੇ ਆਸ਼ਿਕ ਨਾਲ ਮਿਲ ਕੇ ਇਨ੍ਹਾਂ ਦੋਨਾਂ ਬੱਚਿਆਂ ਦਾ ਕਤਲ ਕੀਤਾ ਸੀ ਅਤੇ ਕਤਲ ਕਰਨ ਤੋਂ ਬਾਅਦ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਖੇੜੀ ਗੰਡਿਆਂ ਭਾਖੜਾ ਵਿੱਚ ਸੁੱਟ ਦਿੱਤਾ ਸੀ।