ਪਟਿਆਲਾ: ਪੁਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਫੌਜੀਆਂ ਦੀ ਚੀਨੀ ਫੌਜ ਨਾਲ ਹੋਈ ਝੜਪ ਵਿੱਚ ਸ਼ਹੀਦ ਹੋਏ ਪਿੰਡ ਸੀਲ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹਾਦਰਗੜ੍ਹ ਵਿਖੇ ਹੋਈ। ਸ਼ਹੀਦ ਮਨਦੀਪ ਦੀ ਅੰਤਿਮ ਅਰਦਾਸ ਵਿੱਚ ਇਲਾਕੇ ਦੇ ਲੋਕਾਂ, ਧਾਰਮਿਕ, ਸਿਆਸੀ ਅਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ ਤੇ ਸ਼ਹੀਦ ਨੂੰ ਸ਼ਰਧਾ ਦੇ ਭੁੱਲ ਭੇਟ ਕੀਤੇ।
ਪੰਜਾਬ ਸਰਕਾਰ ਦੀ ਤਰਫੋਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਹੀਦ ਮਨਦੀਪ ਨੂੰ ਸ਼ਰਧਾ ਦੇ ਭੁੱਲ ਭੇਟ ਕੀਤੇ ਅਤੇ ਸ਼ਹੀਦ ਦੀ ਸ਼ਹਾਦਤ ਨੂੰ ਸੱਜਦਾ ਕੀਤਾ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ 50 ਲੱਖ ਦੀ ਸਹਾਇਤਾ ਰਾਸ਼ੀ ਵਿੱਚੋਂ 5 ਲੱਖ ਦਾ ਚੈੱਕ ਸ਼ਹੀਦ ਪਰਿਵਾਰ ਨੂੰ ਭੇਟ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹੀਦ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮੰਤਰੀ ਧਰਮਸੋਤ ਨੇ ਐਲਾਨ ਕੀਤਾ ਕਿ ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿੱਚ ਪਿੰਡ ਸੀਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਰੱਖਿਆ ਜਾਵੇਗਾ ਅਤੇ ਸਕੂਲ ਨੂੰ ਪ੍ਰਾਇਮਰੀ ਤੋਂ ਮਿਡਲ ਪੱਧਰ 'ਤੇ ਅੱਪਗ੍ਰੇਡ ਕੀਤਾ ਜਾਵੇਗਾ।