ਪਟਿਆਲਾ: ਜ਼ਿਲ੍ਹੇ ਤੋਂ 6 ਕਿਲੋਮੀਟਰ ਦੂਰ ਪਿੰਡ ਮੈਣ ਸੁੱਸਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਸੁੱਸਰੀ ਤੋਂ ਪਰੇਸ਼ਾਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਮੁੱਚਾ ਪਿੰਡ ਸੁੱਸਰੀ ਤੋਂ ਪਰੇਸ਼ਾਨ ਹੈ ਅਤੇ ਹਰ ਥਾਂ ਖਾਣ-ਪੀਣ ਤੋਂ ਲੈ ਕੇ ਕੱਪੜਿਆਂ ਤੱਕ ਸੁੱਸਰੀਆਂ ਨੇ ਹਮਲਾ ਬੋਲਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਤੋਂ ਮਹਿਜ ਅੱਧਾ ਕਿਮੀ ਦੂਰ ਬਣੇ ਐੱਫਸੀਆਈ ਗੁਦਾਮ ਕਾਰਨ ਪਿੰਡ 'ਚ ਸੁੱਸਰੀਆਂ ਦਾ ਜਾਲ ਫੈਲਿਆ ਹੋਇਆ ਹੈ।
ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਐੱਸਡੀਐੱਮ ਨੂੰ ਇਸ ਸਬੰਧੀ ਚਿੱਠੀ ਲਿਖੀ ਗਈ, ਜਿਸ ਤੋਂ ਬਾਅਦ ਐੱਸਡੀਐੱਮ ਨੇ ਇਸ ਗੁਦਾਮ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਐੱਸਡੀਐੱਮ ਨੇ ਗੁਦਾਮ ਨੂੰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਪਰ ਪਿੰਡ ਵਾਸੀਆਂ ਦੀ ਮੰਗ ਮੁਕੰਮਲ ਤੌਰ 'ਤੇ ਗੁਦਾਮ ਨੂੰ ਬੰਦ ਕਰਵਾਉਣ ਦੀ ਹੈ।
ਇਹ ਵੀ ਪੜ੍ਹੋ-ਹਜ਼ਾਰੀਬਾਗ ਪੁੱਜਿਆ ਕੌਮਾਂਤਰੀ ਨਗਰ ਕੀਰਤਨ
ਪਿੰਡ ਵਾਸੀਆਂ ਨੇ ਮੀਡੀਆ ਨਾਲ ਆਪਣਾ ਦੁਖ ਸਾਂਝਾ ਕਰਦਿਆਂ ਦੱਸਿਆ ਕਿ ਸ਼ਾਮ ਛੇ ਵਜੇ ਤੋਂ ਬਾਅਦ ਪਿੰਡ 'ਚ ਡਰ ਦਾ ਮਾਹੌਲ ਬਣ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਬੱਚੇ ਜੋ ਆਪਣੀ ਗੱਲ ਬੋਲ ਕੇ ਨਹੀਂ ਦੱਸ ਸਕਦੇ ਉਨ੍ਹਾਂ ਦੀ ਵਧੇਰੇ ਚਿੰਤਾ ਰਹਿੰਦੀ ਹੈ। ਰਾਤ ਸਮੇਂ ਸਮੁੱਚਾ ਪਿੰਡ ਸੁੱਸਰੀ ਦੇ ਡਰ ਤੋਂ ਕੰਨਾਂ 'ਚ ਰੂੰ ਪਾ ਕੇ ਸੋਂਦਾ ਹੈ। ਗੱਲਬਾਤ ਕਰਦਿਆਂ ਐੱਸਡੀਐੱਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਸ਼ਿਕਾਇਤ ਦਰਜ ਹੋਣ ਤੇ ਕਮੇਟੀ ਰਾਹੀਂ ਪਿੰਡ ਦਾ ਜਾਇਜ਼ਾ ਲੈਣ ਮਗਰੋਂ ਐੱਫਸੀਆਈ ਨੂੰ 15 ਦਿਨਾਂ 'ਚ ਗੁਦਾਮ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਐੱਫਸੀਆਈ ਨੂੰ 15 ਦਿਨਾਂ 'ਚ ਗੁਦਾਮ ਖਾਲੀ ਕਰਨ ਦਾ ਨੋਟਿਸ ਜਾਰੀ ਹੋ ਗਿਆ ਹੈ ਪਰ ਪਿੰਡ ਵਾਸੀਆਂ ਦੀ ਮੰਗ ਗੁਦਾਮ ਨੂੰ ਬੰਦ ਕਰਵਾਉਣ ਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਇਹ ਮੰਗ ਕਦੋਂ ਪੂਰੀ ਕੀਤੀ ਜਾਂਦੀ ਹੈ।