ਪਟਿਆਲਾ: ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਬੱਚਿਆਂ ਦੇ ਮਾਹਿਰ ਇੱਕ ਡਾਕਟਰ ਵੱਲੋਂ ਮਰੀਜ਼ਾਂ ਨੂੰ ਪਰਚੀ ਦੇ ਉੱਤੇ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਹਨ। ਇਹ ਦਵਾਈਆਂ ਵੀ ਇਸ ਤਰ੍ਹਾਂ ਲਿਖੀਆਂ ਜਾ ਰਹੀਆਂ ਹਨ ਕਿ ਉਹ ਨਾ ਤਾਂ ਜਨ ਔਸ਼ਧੀ ਵਾਲਾ ਪੜ੍ਹ ਸਕਦਾ ਹੈ ਅਤੇ ਨਾ ਹੀ ਮੈਡੀਕਲ ਸੁਪਰਡੈਂਟ ਇਸ ਨੂੰ ਪੜ੍ਹ ਸਕਦੇ ਹਨ।
ਉੱਥੇ ਹੀ ਜਦੋਂ ਇਹ ਗੱਲ ਸਿਵਲ ਸਰਜਨ ਦੇ ਧਿਆਨ ਵਿੱਚ ਲਿਆਉਂਦੀ ਗਈ ਤਾਂ ਉਹ ਵੀ ਪਰਚੀ ਵਿੱਚ ਲਿੱਖੀ ਦਵਾਈਆਂ ਨੂੰ ਨਹੀਂ ਪੜ੍ਹ ਸਕੇ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਮਿਸਟ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਇੱਕ ਘੱਟ ਪੜ੍ਹਿਆ ਲਿਖਿਆ ਵਿਅਕਤੀ ਇਸ ਦਵਾਈ ਨੂੰ ਬੜੇ ਆਰਾਮ ਨਾਲ ਪੜ੍ਹ ਲੈਂਦਾ ਹੈ। ਉਸ ਤੋਂ ਵੱਡੀ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਹ 600 ਰੁਪਏ ਵਾਲੀ ਦਵਾਈ ਦੂਸਰੇ ਸ਼ਬਦਾਂ ਦੇ ਵਿੱਚ ਮਤਲਬ ਜੈਨਰਿਕ ਭਾਸ਼ਾ ਦੇ ਵਿੱਚ ਅਤੇ ਸਾਲਟ ਦੇ ਨਾਲ ਲਿਖੀ ਜਾਂਦੀ ਹੈ ਤਾਂ ਇਹ ਦਵਾਈ ਮਹਿਜ਼ 36 ਰੁਪਏ ਦੀ ਹਸਪਤਾਲ ਦੇ ਵਿੱਚੋਂ ਹੀ ਮਿਲ ਜਾਂਦੀ ਹੈ।
ਇਸ ਬਾਬਤ ਜਦੋਂ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੱਲਾ ਝਾੜਦੇ ਹੋਏ ਕੋਈ ਵੀ ਸੰਤੁਸ਼ਟੀ ਪੂਰਵਕ ਜਵਾਬ ਨਾ ਦਿੱਦੇ ਹੋਏ ਕਿਹਾ ਕਿ ਇਸ ਦਵਾਈ ਦੀ ਮਰੀਜ਼ ਨੂੰ ਜ਼ਰੂਰਤ ਸੀ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਰੀਜ਼ ਦੀ ਪਰਚੀ ਦੇ ਉੱਤੇ ਜਾਂ ਤਾਂ ਦਵਾਈ ਦਾ ਸਾਲਟ ਲਿਖਿਆ ਜਾਵੇ ਜਾਂ ਫਿਰ ਜੈਨਰਿਕ ਨਾਮ ਨਾਲ ਲਿਖਿਆ ਜ਼ਰੂਰ ਜਾਵੇ। ਇਸ ਸਵਾਲ ਦਾ ਡਾਕਟਰ ਸਾਹਬ ਕੋਲ ਕੋਈ ਜਵਾਬ ਨਹੀਂ ਸੀ।
ਇਸ ਬਾਰੇ ਜਦੋਂ ਐਸਐਮਓ ਰੇਨੂੰ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਡਾਕਟਰ ਸਾਹਿਬ ਰਿਟਾਇਰ ਹੋ ਚੁੱਕੇ ਹਨ ਪਰ ਸਿਵਲ ਸਰਜਨ ਵੱਲੋਂ ਇਨ੍ਹਾਂ ਨੂੰ ਆਪਣੇ ਕੋਟੇ ਵਿੱਚ ਇੱਥੇ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਜਿਸ ਕਾਰਨ ਜਲਦ ਹੀ ਇਨ੍ਹਾਂ ਦੇ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਲੋਕਾਂ ਅਨੁਸਾਰ ਕੁਝ ਡਾਕਟਰ ਆਪਣੇ ਲਾਲਚ ਦੇ ਚੱਲਦਿਆਂ ਗਰੀਬ ਤਬਕੇ ਦੇ ਮਰੀਜ਼ਾਂ ਨੂੰ ਕਮਿਸ਼ਨਾਂ ਦੇ ਲਈ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਬਾਹਰ ਕੈਮਿਸਟਾਂ ਨੂੰ ਮਾਲਾ ਮਾਲ ਕਰ ਰਹੇ ਹਨ ਤੇ ਆਪ ਵੀ ਮੋਟੀਆਂ ਕਮਿਸ਼ਨਾਂ ਦੇ ਰੂਪ ਵਿੱਚ ਮੋਟੀ ਰਕਮ ਵਸੂਲ ਕਰ ਰਹੇ ਹਨ।
ਦੂਜੇ ਪਾਸੇ ਮਰੀਜ਼ਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਡਾਕਟਰ ਪਰਚੀਆਂ 'ਤੇ ਅਜਿਹੀਆਂ ਦਵਾਈਆਂ ਲਿਖਦੇ ਹਨ ਜੋ ਕਿ ਮਹਿੰਗੇ ਮੁੱਲ ਨਾਲ ਬਾਹਰ ਤੋਂ ਹੀ ਮਿਲਦੀ ਹੈ। ਇਹ ਇੱਕ ਵੱਡਾ ਸਵਾਲ ਹੈ ਕਿ ਕਿਉਂ ਇਹ ਇਨ੍ਹਾਂ ਦੀ ਲਿਖੀ ਹੋਈ ਦਵਾਈ ਚੰਦ ਕੈਮਿਸਟ ਦੁਕਾਨਾਂ 'ਤੇ ਹੀ ਮਿਲਦੀ ਹੈ। ਇਸ ਬਾਬਤ ਜਦੋਂ ਸਿਵਲ ਸਰਜਨ ਹਰੀਸ਼ ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਸਖ਼ਤੀ ਨਾਲ ਕਾਰਵਾਈ ਵਿੱਚ ਲਿਆਂਦਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।