ਪਟਿਆਲਾ:ਪੰਜਾਬ ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਕਲਾਸ ਦੇ ਨਤੀਜੇ ਐਲਾਨੇ ਜਾਣ ਤੋਂ ਮਗਰੋਂ ਪਟਿਆਲਾ ਦੇ ਨਿੱਜੀ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਤਿੰਨੋਂ ਪਹਿਲੇ ਸਥਾਨ ਲੜਕੀਆਂ ਨੇ ਹਾਸਿਲ ਕੀਤੇ ਹਨ। ਇਨ੍ਹਾਂ ਤਿੰਨਾਂ ਲੜਕੀਆਂ ਦੇ ਵਿੱਚੋਂ ਹੀ ਪਲਕਦੀਪ ਢਿੱਲੋਂ ਨੇ ਸੂਬੇ ਦੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਬਾਰਵੀਂ ਦੇ ਨਤੀਜਿਆਂ ‘ਚ ਪਟਿਆਲਾ ਦੀਆਂ ਧੀਆਂ ਨੇ ਮਾਰੀ ਬਾਜੀ ਜ਼ਿਕਰਯੋਗ ਹੈ ਕਿ ਪਟਿਆਲਾ ਦੇ ਪਲੇਅ ਵੇਅ ਸੀਨੀਅਰ ਸੈਕੰਡਰੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਮੁਸਕਾਨ ਸ਼ਰਮਾ, ਪਲਕਦੀਪ ਢਿੱਲੋਂ ਅਤੇ ਪ੍ਰਿਯੰਕਾ ਬਾਜਵਾ ਨੇ ਅਲੱਗ ਅਲੱਗ ਸਟਰੀਮ ਦੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਇਸੇ ਸਕੂਲ ਦੀ ਵਿਦਿਆਰਥਣ ਖੁਸ਼ੀ ਨੇ ਦੂਸਰਾ ਅਤੇ ਆਕ੍ਰਿਤੀ ਚਾਵਲਾ, ਮਹਿਕ ਪਾਹੂਜਾ, ਨਵਨੀਤ ਕੌਰ ਅਤੇ ਭਾਗ ਇੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਨ੍ਹਾਂ ਬੱਚਿਆਂ ਦਾ ਨਤੀਜਾ ਆਉਣ ਤੋਂ ਮਗਰੋਂ ਉਨ੍ਹਾਂ ਦੇ ਸਕੂਲ ਦੇ ਵਿਚ ਜਸ਼ਨ ਦਾ ਮਾਹੌਲ ਹੈ। ਖਾਸ ਤੌਰ ‘ਤੇ ਇਨ੍ਹਾਂ ਲੜਕੀਆਂ ਜਿਨ੍ਹਾਂ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ ਉਨ੍ਹਾਂ ਦੇ ਮਾਤਾ ਪਿਤਾ ਵੱਲੋਂ ਇਨ੍ਹਾਂ ਨਤੀਜਿਆਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਨ੍ਹਾਂ ਬੱਚਿਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਪੜ੍ਹਾਈ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਨ੍ਹਾਂ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਅਧਿਆਪਕਾਂ ਦੇ ਵੱਲੋਂ ਦਿੱਤੀ ਵਧੀਆ ਸਿੱਖਿਆ ਨੂੰ ਗ੍ਰਹਿਣ ਕਰਦਿਆਂ ਪੜ੍ਹਾਈ ਕੀਤੀ ਅਤੇ ਹੁਣ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੇ ਆਪਣੀ ਪ੍ਰੀਖਿਆ ਵਿੱਚ ਵਧੀਆ ਸਥਾਨ ਹਾਸਲ ਕਰ ਲਿਆ ਹੈ। ਇਸਦੇ ਚੱਲਦੇ ਹੀ ਸਕੂਲ ਦੇ ਬੱਚਿਆਂ ਵੱਲੋਂ ਡੀਜੇ ਤੇ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ:ਪੰਜਾਬ 'ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ