ਪਟਿਆਲਾ: ਰਾਜਪੁਰਾ ਤੋਂ ਕੋਰੋਨਾ ਦੇ 18 ਨਵੇਂ ਮਾਮਲੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਹੱਲਚੱਲ ਵੱਧ ਗਈ ਹੈ। ਅਧਿਕਾਰੀਆਂ ਨੇ ਕੋਵਿਡ-19 ਦੇ ਮਿਲੇ ਤਾਜਾ ਪਾਜ਼ਿਟਿਵ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਥਿਤੀ ਦਾ ਜਾਇਜ਼ਾ ਲਿਆ ਤੇ ਇੱਕ ਬੈਠਕ ਕੀਤੀ। ਇਸ ਬੈਠਕ ਦੇ ਵਿੱਚ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਸ਼ਾਮਿਲ ਹੋਏ। ਸਾਰੇ ਅਧਿਕਾਰੀਆਂ ਵੱਲੋਂ ਰਾਜਪੁਰਾ ਦਾ ਦੌਰਾ ਕੀਤਾ ਅਤੇ ਬੈਠਕ ਦੇ ਵਿੱਚ ਨਵੀਂ ਰਣਨੀਤੀ ਤਿਆਰ ਕੀਤੀ ਗਈ।
ਇਸ ਮੀਟਿੰਗ ਦੌਰਾਨ ਕੁਮਾਰ ਅਮਿਤ ਨੇ ਸਿਵਲ ਸਰਜਨ ਨੂੰ ਕਿਹਾ ਕਿ 'ਪਿੜਤ ਇਲਾਕੇ ਨੂੰ ਅਗਲੇ ਤਿੰਨ ਦਿਨਾਂ 'ਚ ਰਾਜਪੁਰਾ ਦੇ ਹਰ ਵਸਨੀਕ ਕੋਰੋਨਾ ਵਾਇਰਸ ਦੇ ਲੱਛਣਾਂ ਵਾਲਿਆਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਸ ਦੌਰਾਨ ਰਾਜਪੁਰਾ ਪੂਰਾ ਸੀਲ ਰਹੇਗਾ 'ਤੇ ਕਰਫਿਊ ਵਿੱਚ ਕੋਈ ਢਿੱਲ ਨਹੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਜ਼ਿਟਿਵ ਕੇਸਾਂ ਦੇ ਸੰਪਰਕਾਂ ਦੀ ਲੜੀ ਦੀ ਪੈੜ ਬਰੀਕੀ ਨਾਲ ਨੱਪੀ ਜਾਵੇਗੀ ਤਾਂ ਕਿ ਇਹ ਪਾਜ਼ਿਟਿਵ ਕੇਸ ਪਿੱਛਲੇ ਸਮੇਂ ਦੌਰਾਨ, ਜਿਸ ਕਿਸੇ ਨੂੰ ਵੀ ਮਿਲੇ ਸੀ, ਉਨ੍ਹਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕੋਆਰੰਟਾਈਨ ਕੀਤਾ ਜਾਵੇਗਾ 'ਤੇ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਪੁਰਾ 'ਚ ਪਿੜਤ ਇਲਾਕਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ।