ਚੰਡੀਗੜ੍ਹ: ਮੌਜੂਦਾ ਸਮੇਂ ਵਿੱਚ ਪੰਜਾਬੀ ਮਾਤ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਇਹ ਲੜਾਈ ਲੜਨ ਦਾ ਸਮਾਂ ਹੈ। ਆਪਣੇ ਘਰਾਂ ਵਿੱਚ ਦ੍ਰਿੜਤਾ ਨਾਲ ਪੰਜਾਬੀ ਮਾਤ ਭਾਸ਼ਾ ਦੀ ਰਾਖੀ ਕਰਕੇ ਹੀ ਅਸੀਂ ਇਸ ਨੂੰ ਸਰਕਾਰ ਦੇ ਤਖ਼ਤ ਤੇ ਵਿਰਾਜਮਾਨ ਕਰ ਸਕਦੇ ਹਾਂ। ਇਹ ਵਿਚਾਰ ਪੰਜਾਬੀ ਅਕਾਦਮੀ ਦਿੱਲੀ ਦੇ ਉਪ ਪ੍ਰਧਾਨ ਅਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਵਿਸ਼ਵ ਪੰਜਾਬੀ ਕੇਂਦਰ ਵਿਖੇ ਮਾਤ ਭਾਸ਼ਾ ਸੇਵਕ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪ੍ਰਗਟ ਕੀਤੇ। ਸਨਮਾਨ ਸਮਾਰੋਹ ਦਾ ਆਯੋਜਨ ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਵੱਲੋਂ ਪਟਿਆਲਾ ਆਰਟਸ ਐਂਡ ਕਲਚਰਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ।
ਵਿਸ਼ਵ ਪੰਜਾਬੀ ਕੇਂਦਰ ਦੇ ਨਿਰਦੇਸ਼ਕ ਡਾ. ਬਲਕਾਰ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਰੋਹ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. ਕੇਹਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸ਼੍ਰੋਮਣੀ ਸਾਹਿਤਕਾਰ ਪ੍ਰੋ. ਕੁਲਵੰਤ ਗਰੇਵਾਲ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਜਨਰਲ ਸਕੱਤਰ ਗੁਰਭੇਜ ਗੁਰਾਇਆ ਨੇ ਵਿਸ਼ੇਸ਼ ਮਹਿਮਾਨਾਂ ਦੀ ਭੂਮਿਕਾ ਨਿਭਾਈ। ਪ੍ਰਸਿੱਧ ਮੰਚ ਅਦਾਕਾਰਾ ਡਾ. ਵਿੰਪੀ ਸਿੱਧੂ ਨੇ ਮੰਚ ਸੰਚਾਲਨ ਕੀਤਾ।
ਆਪਣੇ ਸੰਬੋਧਨ ਦੌਰਾਨ ਜਰਨੈਲ ਸਿੰਘ ਨੇ ਕਿਹਾ ਕਿ ਹਰ ਪੰਜਾਬੀ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਹਰੇਕ ਪੰਜਾਬੀ ਨਾਲ ਪੰਜਾਬੀ ਵਿੱਚ ਹੀ ਗੱਲ ਕਰੇਗਾ ਅਤੇ ਪੰਜਾਬੀ ਬੋਲਣ ਲੱਗੇ ਆਪਣੇ ਅੰਦਰ ਹੀਣ ਭਾਵਨਾ ਨਹੀਂ ਆਉਣ ਦੇਵੇਗਾ। ਉਨ੍ਹਾਂ ਨੇ ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਤੇ ਵੀ ਜ਼ੋਰ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਬਲਕਾਰ ਸਿੰਘ ਨੇ ਕਿਹਾ ਕਿ ਭਾਸ਼ਾ ਦਾ ਮਸਲਾ ਲੋਕਾਂ ਦੀ ਮਾਨਸਿਕਤਾ ਨਾਲ ਜੁੜਿਆ ਹੈ ਅਤੇ ਸਰਕਾਰਾਂ ਨੂੰ ਇਸ ਗੱਲ ਨੂੰ ਸਮਝਕੇ ਮਾਤ ਭਾਸ਼ਾ ਪੰਜਾਬੀ ਪ੍ਰਤੀ ਸੁਹਿਰਦਤਾ ਦਿਖਾਉਣੀ ਚਾਹੀਦੀ ਹੈ। ਮੁੱਖ ਮਹਿਮਾਨ ਡਾ. ਕੇਹਰ ਸਿੰਘ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਅੱਗੇ ਲੱਗਕੇ ਮਾਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਉਨ੍ਹਾਂ ਨੇ ਮਾਤ ਭਾਸ਼ਾ ਜਾਗਰੂਕਤਾ ਮੰਚ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਪ੍ਰੋ. ਕੁਲਵੰਤ ਗ੍ਰੇਵਾਲ ਨੇ ਸਮਾਰੋਹ ਦੇ ਸਫ਼ਲ ਆਯੋਜਨ ਲਈ ਮੰਚ ਨੂੰ ਵਧਾਈ ਦਿੰਦਿਆਂ ਪੰਜਾਬੀ ਭਾਸ਼ਾ ਦੇ ਇਤਿਹਾਸਿਕ ਅਤੇ ਭਾਵਨਾਤਮਕ ਪੱਖਾਂ ਦੀ ਚਰਚਾ ਕੀਤੀ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁੱਖੀ ਡਾ. ਭੀਮਇੰਦਰ ਸਿੰਘ, ਆਲ ਇੰਡੀਆ ਰੇਡਿਓ ਪਟਿਆਲਾ ਦੇ ਨਿਦੇਸ਼ਕ ਅਮਰਜੀਤ ਸਿੰਘ ਵੜੈਚ, ਡਾ. ਗੁਰਜੰਟ ਸਿੰਘ, ਜਸਬੀਰ ਸਿੰਘ ਜਵੱਦੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਤੋਂ ਪਹਿਲਾਂ ਉੱਘੇ ਪੰਜਾਬੀ ਗਾਇਕ ਬੀਰ ਸਿੰਘ ਨੇ ਅਪਣੀ ਸੁਰੀਲੀ ਗਾਇਕੀ ਨਾਲ ਸਰੋਤਿਆਂ ਨੂੰ ਸ਼ਰਸਾਰ ਕੀਤਾ। ਮੰਚ ਦੇ ਸਹਿ-ਸੰਯੋਜਕ ਅਮਨ ਅਰੋੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੰਚ ਬਾਰੇ ਜਾਣਕਾਰੀ ਦਿੱਤੀ। ਮੰਚ ਦੇ ਸਲਾਹਕਾਰ ਇਰਵਿੰਦਰ ਆਹਲੂਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੋਮਣੀ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ, ਪਰਮਜੀਤ ਪਰਵਾਨਾ, ਡਾ. ਗੁਰਨਾਮ ਵਿਰਕ, ਡਾ. ਕੁਲਪਿੰਦਰ ਸ਼ਰਮਾ, ਫਿਲਮ ਲੇਖਕ ਉਪਿੰਦਰ ਵੜੈਚ, ਫ਼ਿਲਮ ਨਿਰਦੇਸ਼ਕ ਹਰੀਸ਼ ਗਾਰਗੀ, ਮੁਜਤਬਾ ਹੁਸੈਨ, ਐਡਵੋਕੇਟ ਮੁਹੰਮਦ ਸਲੀਮ ਵਰਾਲ, ਹਰਜੋਤ ਟਿਵਾਣਾ, ਰਵਿੰਦਰ ਭੋਲਾ, ਚੰਦਨ ਦਰਾਵਿੜ, ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।