ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬੀਤੇ ਕੱਲ੍ਹ ਸਮਰਥਕਾਂ ਵੱਲੋਂ ਰਿਹਾਈ ਮੌਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸਿੱਧਾ ਆਪਣੇ ਘਰ ਗਏ, ਜਿੱਥੇ ਪਰਿਵਾਰ ਵਾਲਿਆਂ ਅਤੇ ਸਿੱਧੂ ਦੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਰਿਹਾਈ ਤੋਂ ਬਾਅਦ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਫਿਰ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਘਰ ਜਾਣਗੇ। ਪਰ ਉਹ ਜੇਲ੍ਹ ਤੋਂ ਸਿੱਧਾ ਘਰ ਹੀ ਪਹੁੰਚੇ।
ਪੰਜਾਬ ਦੇ ਮੌਜੂਦਾਂ ਹਾਲਾਤ ਨੂੰ ਲੈ ਕੇ ਕਹੀ ਵੱਡੀ ਗੱਲ :ਜੇਲ੍ਹ ਵਿੱਚੋਂ ਬਾਹਰ ਆਉਂਦਿਆ ਹੀ ਕਾਂਗਰਸੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਗਵਰਨਰ ਰਾਜ ਲਗਾਉਣ ਦੀ ਸਾਜ਼ਿਸ਼ ਚੱਲ ਰਹੀ ਹੈ। ਉਹਨਾਂ ਕਿਹਾ ਕਿ ਜੋ ਪੰਜਾਬ ਨੂੰ ਤਬਾਹ ਕਰੇਗਾ, ਉਹ ਖੁਦ ਹੀ ਤਬਾਹ ਹੋ ਜਾਵੇਗਾ। ਸਿੱਧੂ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਲਈ ਨਹੀਂ ਲੜ ਰਿਹਾ, ਆਪਣੇ ਪੰਜਾਬ ਲਈ ਲੜ ਰਿਹਾ ਹਾਂ। ਇਸ ਦੌਰਾਨ ਹੀ ਰਾਹੁਲ ਗਾਂਧੀ ਦੀ ਤਾਰੀਫ ਕਰਦਿਆ ਸਿੱਧੂ ਨੇ ਕਿਹਾ ਕਿ 'ਕ੍ਰਾਂਤੀ ਦਾ ਨਾਮ ਰਾਹੁਲ ਗਾਂਧੀ' ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਨਕਾਮੀਆਂ ਲੁਕਾਉਣ ਲਈ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ।
ਇਹ ਵੀ ਪੜ੍ਹੋ :ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈਕੇ ਇੱਕ ਵਾਰ ਫਿਰ ਗਰਜੇ ਕਿਸਾਨ, ਦਾਣਾ ਮੰਡੀ 'ਚ ਕੱਢੀ ਚਿਤਾਵਨੀ ਰੈਲੀ
ਸੁਰੱਖਿਆ ਘਟਾਉਣ ਸਬੰਧੀ ਨਵਜੋਤ ਸਿੰਘ ਦਾ ਸ਼ਬਦੀ ਵਾਰ :ਕਾਂਗਰਸੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇੱਕ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ। ਸਾਬਕਾ ਪ੍ਰਧਾਨ ਨਵਜੋਤ ਸਿੰਘ ਨੇ ਆਪਣੀ ਸੁਰੱਖਿਆ ਘਟਾਉਣ ਸਬੰਧੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਹਵਾਲਾ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਨੇ ਇੱਕ ਸਿੱਧੂ ਮਰਵਾ ਦਿੱਤਾ ਹੈ, ਹੁਣ ਦੂਜਾ ਸਿੱਧੂ ਹੋਰ ਮਰਵਾ ਦੇਵੇ।
ਇਹ ਵੀ ਪੜ੍ਹੋ :Navjot Sidhu Release: ਨਵਜੋਤ ਸਿੱਧੂ ਪਟਿਆਲਾ ਜੇਲ੍ਹ 'ਚੋਂ ਹੋਏ ਰਿਹਾਅ, ਪੰਜਾਬ ਦੇ ਮਾਹੌਲ ਨੂੰ ਲੈ ਕੇ ਕਹੀ ਵੱਡੀ ਗੱਲ
ਮੁਫ਼ਤ ਸਕੀਮਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸ਼ਬਦੀ ਹਮਲੇ :ਕਾਂਗਰਸੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੁਜ਼ਗਾਰ ਤੇ ਮੁਫ਼ਤ ਸਕੀਮਾਂ ਨੂੰ ਲੈ ਕੇ ਨਿਸ਼ਾਨਾ ਸਾਧਦਿਆ ਕਿਹਾ ਕਿ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾ ਹਰਾ ਪੈੱਨ ਲੋਕਾਂ ਦੀ ਭਲਾਈ ਚਲਾਉਣ ਲਈ ਕਿਹਾ ਸੀ। ਪਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹੁਣ ਮੁੱਖ ਮੰਤਰੀ ਦਾ ਹਰਾ ਪੈੱਨ ਕਿੱਥੇ ਗਿਆ। ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫ਼ਤ ਨੂੰ ਦੇਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਤੋਂ ਪਹਿਲਾ ਇਹ ਨਹੀਂ ਦੱਸਿਆ ਕਿ ਸਰਕਾਰ ਨੇ 25 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਕੇ ਮੁਫ਼ਤ ਬਿਜਲੀ ਦਿੱਤੀ ਹੈ। ਉਹਨਾਂ ਕਿਹਾ ਕਿ ਮੁਫ਼ਤ ਬਿਜਲੀ ਦਾ ਕਰਜ਼ਾ ਪੰਜਾਬ ਦੇ ਲੋਕਾਂ ਨੇ ਹੀ ਵਾਪਸ ਕਰਨਾ ਹੈ।