ਪਟਿਆਲਾ: ਵਿਛੜੇ ਇੱਕ-ਨਾ-ਇੱਕ ਦਿਨ ਜ਼ਰੂਰ ਮਿਲਦੇ ਹਨ ਤੇ ਵਿਛੜਿਆਂ ਦੇ ਮਿਲਣ ਦਾ ਇੱਕ ਜ਼ਰੀਆ ਅੱਜ ਦੇ ਸਮੇਂ ਵਿੱਚ ਫੇਸਬੁੱਕ ਬਣ ਚੁੱਕਿਆ ਹੈ। ਅਜਿਹੀ ਹੀ ਕਹਾਣੀ ਪਟਿਆਲਾ ਦੇ ਸੈਫ਼ਦੀਪੁਰ ਵਿੱਚ ਇੱਕ ਸਕੂਲ 'ਚ ਪੜਦੇ ਇੱਕ ਬੱਚੇ ਅਬਦੁਲ ਰਜ਼ਾਕ ਦੀ ਹੈ ਜੋ ਨਾ ਤਾਂ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ। ਜੋ ਕਿ ਹੁਣ 9 ਸਾਲ ਬਾਅਦ ਫੇਸਬੁੱਕ ਰਾਹੀਂ ਆਪਣੇ ਵਿਛੜੇ ਹੋਏ ਮਾਪਿਆਂ ਨੂੰ ਮਿਲਿਆ ਹੈ।
9 ਸਾਲ ਬਾਅਦ ਫੇਸਬੁੱਕ ਰਾਹੀਂ ਮਿਲੇ ਵਿਛੜੇ ਮਾਪੇ ਇਸ ਬਾਰੇ ਗੱਲ ਕਰਦਿਆਂ ਕਰਨਲ ਕਰਮਇੰਦਰ ਸਿੰਘ ਨੇ ਦੱਸਿਆ ਕਿ ਸਾਲ 2011 ਵਿੱਚ ਗੁਰਨਾਮ ਸਿੰਘ ਨਾਂਅ ਦਾ ਵਿਅਕਤੀ ਅਬਦੁਲ ਰਜ਼ਾਕ ਨੂੰ ਸਕੂਲ ਬਲਾਇੰਡ ਐਂਡ ਡੀਫ਼ ਲੈ ਕੇ ਆਇਆ ਸੀ ਜੋ ਕਿ ਉਨ੍ਹਾਂ ਨੂੰ ਫ਼ਤਿਹਗੜ੍ਹ ਸਾਹਿਬ ਦੀ ਸੜਕ ਉੱਤੇ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਅਬਦੁਲ ਰਜ਼ਾਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਇਹ ਗੂੰਗਾ ਤੇ ਬੌਲਾ ਹੈ।
ਕਰਨਲ ਕਰਮਇੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਗੁਰਨਾਮ ਸਿੰਘ ਅਬਦੁਲ ਰਜ਼ਾਕ ਨੂੰ ਉਨ੍ਹਾਂ ਦੇ ਸਕੂਲ ਵਿੱਚ ਭਰਤੀ ਕਰਵਾ ਗਿਆ। ਉਨ੍ਹਾਂ ਨੇ ਕਿਹਾ ਕਿ ਅਬਦੁਲ ਰਜ਼ਾਕ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਹੈ। ਅਬਦੁਲ ਹਮੇਸ਼ਾ ਆਪਣੇ ਪਰਿਵਾਰ ਦੇ ਬਿਰੋਹ ਵਿੱਚ ਸੀ ਤੇ ਆਪਣੇ ਪਰਿਵਾਰ ਦਾ ਇੰਤਜ਼ਾਰ ਕਰਦਾ ਰਹਿੰਦਾ ਸੀ। ਲੌਕਡਾਊਨ ਦੌਰਾਨ ਅਬਦੁਲ ਨੇ ਫੇਸਬੁੱਕ ਉੱਤੇ ਆਪਣੇ ਕਿਸੇ ਦੋਸਤ ਦਾ ਨਾਂਅ ਸਰਚ ਕੀਤਾ ਜਿਸ ਤੋਂ ਬਾਅਦ ਉਸ ਦੇ ਦੋਸਤ ਨੇ ਅਬਦੁਲ ਨੂੰ ਪਛਾਣ ਲਿਆ। ਅਬਦੁਲ ਨੇ ਆਪਣੇ ਦੋਸਤ ਨੂੰ ਆਪਣੀ ਸਾਰੀ ਹੱਡਬੀਤੀ ਦੱਸੀ ਤੇ ਮਾਤਾ-ਪਿਤਾ ਬਾਰੇ ਪੁੱਛਿਆ ਜਿਸ ਤੋਂ ਬਾਅਦ ਅਬਦੁਲ ਦੇ ਮਾਪਿਆਂ ਨੇ ਉਸ ਨੂੰ ਪਛਾਣ ਲਿਆ।
ਅਬਦੁਲ ਦੇ ਪਿਤਾ ਤਾਹਿਰ ਅਲੀ ਨੇ ਦੱਸਿਆ ਕਿ ਸਾਲ 2011 ਵਿੱਚ ਉਹ ਯੂਪੀ ਤੋਂ ਫ਼ਤਿਹਗੜ੍ਹ ਸਾਹਿਬ ਦੀ ਮਸਜਿਦ ਵਿੱਚ ਸਜ਼ਦਾ ਕਰਨ ਲਈ ਆਏ ਸੀ ਜਿਸ ਮਗਰੋਂ ਅਬਦੁਲ ਉਨ੍ਹਾਂ ਪਾਸੋਂ ਵਿਛੜ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਬਦੁਲ ਦੀ ਬਹੁਤ ਭਾਲ ਕੀਤੀ ਪਰ ਉਸ ਦੀ ਕੋਈ ਖ਼ਬਰ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਅਬਦੁਲ ਰਜ਼ਾਕ ਨੇ ਖੁਦ ਹੀ ਲੱਭ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਇਹ ਵੀ ਪੜ੍ਹੋ:16 ਪਿੰਡਾਂ ਨਾਲ ਲੱਗਦੀ ਲਿੰਕ ਰੋਡ ਦੀ ਹਾਲਤ ਖ਼ਸਤਾ, ਪਿੰਡ ਵਾਸੀ ਪਰੇਸ਼ਾਨ