ਪਟਿਆਲਾ: ਪੰਜਾਬ ਦਾ ਬਿਜਲੀ ਮਹਿਕਮਾ ਅਕਸਰ ਹੀ ਆਪਣੀਆਂ ਨਵੀਂਆਂ 'ਕਾਢਾਂ' ਕਰਕੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹੁਣ ਬਿਜਲੀ ਮਹਿਕਮੇ ਨੇ ਹਵਾ ਵਿੱਚ ਮੀਟਰ ਲਾ ਕੇ ਨਵਾਂ ਹੀ ਤਜ਼ੁਰਬਾ ਕਰ ਵਿਖਾਇਆ ਹੈ।
ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੀਟਰ ਜਾਂ ਤਾਂ ਕੰਧ ਵਿੱਚ ਲੱਗਦਾ ਹੈ ਜਾਂ ਫਿਰ ਕਿਸੇ ਖੰਬੇ 'ਤੇ, ਪਰ ਸ਼ਾਹੀ ਸ਼ਹਿਰ ਵਿੱਚ ਬਿਜਲੀ ਵਿਭਾਗ ਨੇ ਤਾਰਾਂ ਨਾਲ ਹਵਾ ਵਿੱਚ ਹੀ ਮੀਟਰ ਲਮਕਾ ਦਿੱਤਾ। ਇਸ ਮੀਟਰ ਦੇ ਨੇੜੇ ਤਾਰਾਂ ਦੇ ਜੋੜ ਨੰਗੇ ਵਿਖਾਈ ਦੇ ਰਹੇ ਹਨ, ਇਸ ਤੇ ਨਾ ਕੋਈ ਟੇਪ ਲੱਗੀ ਹੈ ਅਤੇ ਨਾ ਹੀ ਕੋਈ ਖ਼ਤਰੇ ਦਾ ਬੋਰਡ ਲੱਗਿਆ ਹੈ। ਇਸ ਨਾਲ ਕਦੇ ਵੀ ਕੋਈ ਵੀ ਘਟਨਾ ਵਾਪਰ ਸਕਦੀ ਹੈ।
ਹਵਾ ਵਿੱਚ ਲਟਕਦਾ 'ਜਾਦੂਈ ਮੀਟਰ' ਜੇ ਘਰ ਵਿੱਚ ਮੀਟਰ ਲਵਾਉਣਾ ਹੋਵੇ ਤਾਂ ਦਫ਼ਤਰ ਦੇ ਕਈ ਚੱਕਰ ਕੱਢਣੇ ਪੈਂਦੇ ਹਨ, ਜ਼ੇਬ ਢਿੱਲੀ ਕਰਨੀ ਪੈਂਦੀ ਹੈ ਅਤੇ ਕਈ ਵਾਰ ਤਾਂ ਮੀਟਰ ਲਵਾਉਣ ਲਈ ਰਿਸ਼ਵਤ ਦੇਣੀ ਪੈਂਦੀ ਹੈ ਪਰ ਫਿਰ ਵੀ ਬਿਜਲੀ ਆਲ਼ੇ ਇਸ ਤਰ੍ਹਾਂ ਦੇ ਕਾਰੇ ਕਰਦੇ ਹਨ ਜਿਸ ਕਰਕੇ ਅਕਸਰ ਹੀ ਉਸਦਾ ਮਜ਼ਾਕ ਬਣਦਾ ਰਹਿੰਦਾ ਹੈ।
ਕਈ ਵਾਰ ਬਿਜਲੀ ਵਾਲੇ ਗ਼ਲਤ ਬਿੱਲ ਦੇ ਜਾਂਦੇ ਹਨ, ਕਈ ਵਾਰ ਬਿੱਲ ਦਾ ਵੱਡਾ ਚਿੱਠਾ ਭੇਜ ਦਿੰਦੇ ਹਨ। ਜੇ ਯਾਦ ਹੋਵੇ ਤਾਂ ਤਕਰੀਬਨ ਹਰ ਮਹੀਨੇ ਹੀ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰ ਕੇ ਨਾਗਰਿਕਾਂ ਦੇ ਜ਼ੇਬ ਤੇ ਭਾਰ ਪਾਇਆ ਜਾ ਰਿਹਾ ਹੈ ਪਰ ਫਿਰ ਵੀ ਲੋਕਾਂ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਹਨ।