ਪਟਿਆਲਾ:ਤਿੰਨ ਖੇਤੀਬਾੜੀ ਕਾਨੂੰਨਾਂ (three agriculture laws) ਦੇ ਵਿਰੋਧ ’ਚ ਜਿੱਥੇ ਕਿਸਾਨਾਂ ਵੱਲੋਂ ਦਿੱਲੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਸਯੁੰਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ (Bharat Bandh) ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਚੱਲਦੇ ਕਿਸਾਨਾਂ ਵੱਲੋ ਸੂਬੇ ਭਰ ’ਚ ਥਾਂ-ਥਾਂ ’ਤੇ ਹਾਈਵੇਅ ਬੰਦ ਕੀਤਾ ਗਿਆ ਹੈ। ਪਟਿਆਲਾ ਵਿਖੇ ਵੀ ਕਿਸਾਨਾਂ ਵੱਲੋਂ ਕਈ ਥਾਵਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਲੋਕਾਂ ਅਤੇ ਕਿਸਾਨਾ ਵਿਚਾਲੇ ਹੋਈ ਬਹਿਸ
ਦੱਸ ਦਈਏ ਕਿ ਕਿਸਾਨਾਂ ਵੱਲੋਂ ਪਟਿਆਲਾ (Patiala) ਵਿਖੇ ਰਾਜਪੁਰਾ ਰੋਡ ਮੇਨ ਹਾਈਵੇ ਸੜਕ, ਪਟਿਆਲਾ ਸਰਹਿੰਦ ਰੋਡ ਅਤੇ ਸ਼ਹਿਰ ਅੰਦਰ ਕਈ ਥਾਵਾਂ ਨੂੰ ਬਲੌਕ ਕੀਤਾ ਹੋਇਆ। ਦੂਜੇ ਪਾਸੇ ਕਿਸਾਨਾਂ ਵੱਲੋਂ ਦੌਂਣ ਕਲਾਂ ਵਿਖੇ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ’ਤੇ ਟ੍ਰੇਨ ਨੂੰ ਰੋਕਿਆ ਗਿਆ ਅਤੇ ਨਾਲ ਹੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਜਦਕਿ ਇਸ ਬੰਦ ਦੌਰਾਨ ਕਈ ਥਾਵਾਂ ਤੇ ਕਿਸਾਨਾਂ ਅਤੇ ਲੋਕਾਂ ਵੱਲੋਂ ਵਿਚਾਲੇ ਬਹਿਸ ਵੀ ਹੋਈ।
ਪਟਿਆਲਾ ਵਿਖੇ ਕਿਸਾਨਾਂ ਨੇ ਟ੍ਰੇਨ ਰੋਕ ਰੇਲਵੇ ਟ੍ਰੈਕ ਕੀਤਾ ਜਾਮ ਉੱਥੇ ਹੀ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਸਯੁੰਕਤ ਕਿਸਾਨ ਮੋਰਚੇ (Sanyukt kisan morcha) ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸਦੇ ਚੱਲਦੇ ਉਨ੍ਹਾਂ ਵੱਲੋਂ ਕਈ ਥਾਵਾਂ ’ਤੇ ਜਾਮ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਸਵੇਰ 6 ਤੋਂ ਲੈ ਕੇ ਸ਼ਾਮ 4 ਵਜੇ ਤੱਕ ਉਨ੍ਹਾਂ ਵੱਲੋਂ ਬੰਦ ਰੱਖਿਆ ਜਾਵੇਗਾ। ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਰੇਲਵੇ ਟ੍ਰੈਕ ’ਤੇ ਟ੍ਰੇਨ ਵੀ ਰੋਕੀ ਗਈਆਂ ਹਨ ਪਰ ਇਸ ਦੌਰਾਨ ਯਾਤਰੀਆਂ ਨੂੰ ਉਨ੍ਹਾਂ ਵੱਲੋਂ ਹਰ ਇੱਕ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ
ਦੂਜੇ ਪਾਸੇ ਟ੍ਰੇਨ ਚ ਬੈਠੇ ਯਾਤਰੀਆਂ ਦਾ ਕਹਿਣਾ ਹੈ ਕਿ ਬੇਸ਼ਕ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਤੜਕਸਾਰ ਤੋਂ ਗੰਗਾਨਗਰ ਜਾਣ ਲਈ ਤੁਰੇ ਸੀ ਪਰ ਕਿਸਾਨਾਂ ਵੱਲੋਂ ਟ੍ਰੇਨ ਨੂੰ ਰੋਕ ਦਿੱਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜੋ: ਸੋਚ ਸਮਝਕੇ ਨਿੱਕਲਿਓ ਘਰੋਂ ਬਾਹਰ ਅੱਜ ਹੈ ਭਾਰਤ ਬੰਦ