ਪਟਿਆਲਾ: ਪੰਜਾਬ ਸਰਕਾਰ ਵੱਲੋਂ ਅਕਸਰ ਹੀ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਹ ਵਾਅਦੇ ਪੂਰ ਨਹੀਂ ਚੜ੍ਹਦੇ। ਦਿੱਲੀ ਵਿਧਾਨਸਭਾ ਚੋਣਾਂ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨਾਂ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 5500 ਸਮਾਰਟ ਸਕੂਲ ਬਣਾਏ ਜਾਣੇ ਹਨ ਅਤੇ ਕਈ ਬਣਾ ਦਿੱਤੇ ਗਏ ਹਨ ਪਰ ਅਸਲ ਵਿੱਚ ਕਈ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖ਼ਸਤਾ ਹੈ।
ਵੇਖੋ, ਮੁੱਖ ਮੰਤਰੀ ਕੈਪਟਨ ਦੇ ਸ਼ਹਿਰ ਦੇ ਸਮਾਰਟ ਸਕੂਲ ਦੀ ਹਾਲਤ। ਪਟਿਆਲਾ ਦੇ ਇਸ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਵਿਦਿਆਰਥੀ ਸਰਦੀ-ਗਰਮੀ ਹਰ ਮੌਸਮ ਵਿੱਚ ਜ਼ਮੀਨ 'ਤੇ ਬੈਠ ਕੇ ਸਿੱਖਿਆ ਹਾਸਿਲ ਕਰ ਰਹੇ ਹਨ। ਕਈ ਵਿਦਿਆਰਥੀਆਂ ਦੀ ਕਲਾਸ ਖੁਲੇ 'ਚ ਹੀ ਲਗਾਈ ਜਾ ਰਹੀ ਹੈ, ਹਾਲਾਂਕਿ ਅਜੇ ਠੰਢ ਦਾ ਮੌਸਮ ਵੀ ਬਰਕਰਾਰ ਹੈ ਤੇ ਠੰਢੀ ਹਵਾ ਵੀ ਚੱਲ ਰਹੀ ਹੈ। ਜ਼ਮਾਤਾਂ ਨੂੰ ਨਾ ਦਰਵਾਜ਼ੇ ਹਨ ਤੇ ਨਾ ਖਿੜਕੀਆਂ।
ਇੱਥੋ ਤੱਕ ਕਿ ਜਿੱਥੇ ਮਿਡ ਡੇ ਮੀਲ ਤਿਆਰ ਹੁੰਦਾ ਹੈ, ਉਹ ਵਿਦਿਆਰਥੀਆਂ ਦੀ ਜਮਾਤ ਕੋਲ ਖੁੱਲੇ ਵਿੱਚ ਹੀ ਬਣਾਇਆ ਜਾ ਰਿਹਾ ਹੈ। ਸਕੂਲ ਵਿੱਚ ਬਿਜਲੀ ਦੀਆਂ ਤਾਰਾਂ ਵੀ ਨੰਗੀਆਂ ਹਨ ਤੇ ਅੱਗ ਬੁਝਾਊ ਯੰਤਰ ਵੀ ਜਮਾਤਾਂ ਦੇ ਅੰਦਰ ਹੀ ਪਏ ਹਨ। ਇਸ ਸਰਕਾਰੀ ਸਕੂਲ ਦਾ ਮੇਨ ਗੇਟ ਵੀ ਬਹੁਤ ਤੰਗ ਹੈ ਜਿਸ ਰਾਹੀਂ ਰੋਜ਼ ਵਿਦਿਆਰਥੀ ਸਕੂਲ ਦਾਖ਼ਲ ਹੁੰਦੇ ਹਨ ਤੇ ਛੁੱਟੀ ਵੇਲੇ ਇੱਕਠੇ ਬਾਹਰ ਜਾਂਦੇ ਹਨ।
ਇਹ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਸਰਕਾਰੀ ਸਕੂਲ ਦੀ ਹਾਲਤ, ਜਿੱਥੇ ਵਿਦਿਆਰਥੀਆਂ ਕੋਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਹੁਣ ਵੇਖਣਾ ਹੋਵੇਗਾ ਕਿ ਇਹ ਸਕੂਲ ਜ਼ਮੀਨੀ ਹਕੀਕਤ 'ਚ ਸਮਾਰਟ ਸਕੂਲ ਕਦੋਂ ਬਣਦਾ ਹੈ।
ਇਹ ਵੀ ਪੜ੍ਹੋ: ਨੇਪਾਲ ਦੇ ਸਾਬਕਾ ਰਾਜਾ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ