ਪਟਿਆਲਾ: ਅਕਸਰ ਸਰਕਾਰਾਂ ਵੱਲੋਂ ਖੇਡਾਂ ਲਈ ਨੌਜਵਾਨਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਅਤੇ ਖਿਡਾਰੀਆਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ। ਪਰ ਜ਼ਮੀਨੀ ਹਕੀਕਤ ਦੇਖ ਕੇ ਹੈਰਾਨੀ ਹੁੰਦੀ ਹੈ ਜਦੋਂ ਕਈ ਤਮਗੇ ਜਿੱਤਣ ਵਾਲੇ ਖਿਡਾਰੀ ਵੀ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੁੰਦੇ ਹਨ। ਅਜਿਹਾ ਹੀ ਹਾਲ ਪਟਿਆਲਾ ਦੀ ਅੰਮ੍ਰਿਤ ਕੌਰ ਦਾ ਹੈ ਜੋ ਵੇਟ ਲਿਫ਼ਟਿੰਗ ਵਿੱਚ 4 ਗੋਲਡ ਮੈਡਲ ਜੇਤੂ ਹਨ ਪਰ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ।
ਈਟੀਵੀ ਭਾਰਤ ਦੀ ਟੀਮ ਨੇ ਅੰਮ੍ਰਿਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ 1982 ਵਿੱਚ ਉਨ੍ਹਾਂ ਨੇ ਵੇਟ ਲਿਫ਼ਟਿੰਗ ਦੀ ਸ਼ੁਰੂਆਤ ਕੀਤੀ ਸੀ ਅਤੇ ਇੰਟਰ ਯੂਨੀਵਰਸਿਟੀ ਪੱਧਰ 'ਤੇ 4 ਗੋਲਡ ਮੈਡਲ ਜਿੱਤੇ। ਉਨ੍ਹਾਂ ਕਿਹਾ ਕਿ ਉਹ ਕਈ ਆਗੂਆਂ ਅਤੇ ਅਫ਼ਸਰਾਂ ਕੋਲ ਆਪਣੀਆਂ ਡਿਗਰੀਆਂ ਤੇ ਮੈਡਲ ਲੈ ਕੇ ਗਏ ਪਰ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੂੰ ਬਿਜਲੀ ਮਹਿਕਮੇ ਵਿੱਚ ਨੌਕਰੀ ਦੇ ਦਿੱਤੀ ਸੀ ਪਰ ਉਨ੍ਹਾਂ ਤੋਂ 4 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਹੋਣ ਕਾਰਨ ਉਨ੍ਹਾਂ ਨੂੰ ਉਹ ਨੌਕਰੀ ਵੀ ਨਾ ਮਿਲ ਸਕੀ।