ਪਟਿਆਲਾ: ਨਜ਼ਦੀਕੀ ਪਿੰਡ ਧਬਲਾਨ ਵਿਖੇ ਇੱਕ ਪੜ੍ਹੇ-ਲਿਖੇ ਨੌਜਵਾਨ ਵੱਲੋਂ ਫੁੱਲਾਂ ਦੀ ਖੇਤੀ ਕਰਨ ਦਾ ਬੀੜਾ ਚੁੱਕਿਆ ਗਿਆ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਇਹ ਉੱਦਮ ਉਸ ਨੂੰ ਦੇਸ਼-ਵਿਦੇਸ਼ ਦੇ ਮੋਹਰੀ ਕਿਸਾਨਾਂ ਦੀ ਕਤਾਰ ਵਿੱਚ ਲੈ ਆਵੇਗਾ। ਉਸ ਦੇ ਇਸ ਸ਼ੌਂਕ ਨੇ ਉਸ ਨੂੰ ਆਰਥਿਕ ਪੱਖੋਂ ਵੀ ਮਜ਼ਬੂਤ ਕੀਤਾ ਹੈ ਤੇ ਨਾਲ ਹੀ ਹੋਰਨਾਂ ਸੈਂਕੜੇ ਕਿਸਾਨਾਂ ਨੂੰ ਕਿਸਾਨੀ ਦਾ ਇੱਕ ਨਵਾਂ ਰਾਹ ਵੀ ਦਿਖਾਇਆ ਹੈ।
ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਹੋ ਕੇ ਰਹਿ ਗਈ ਹੈ। ਫ਼ਸਲੀ ਵਿਭਿੰਨਤਾ ਚੱਕਰ ਹੀ ਰਵਾਇਤੀ ਫ਼ਸਲ ਚੱਕਰ ਤੋਂ ਨਿਜਾਤ ਲੈਣ ਦਾ ਸੱਭ ਤੋਂ ਵਧੀਆ ਤਰੀਕਾ ਹੈ।
ਨੌਜਵਾਨ ਨੇ ਕਿਹਾ ਕਿ ਉਸ ਦੇ ਪਿਤਾ ਡਾ. ਅੱਲਾ ਰੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਰਹੇ ਹਨ। ਇਸ ਸੁਪਨੇ ਨੂੰ ਸਾਕਾਰ ਕਰਨ ਵਿਚ ਉਨ੍ਹਾਂ ਦੇ ਪਿਤਾ ਦੇ ਮਾਰਗ ਦਰਸ਼ਨ ਦਾ ਬਹੁਤ ਵੱਡਾ ਹੱਥ ਰਿਹਾ। ਸਿਮਰਾਨ ਰੰਗ ਨੇ ਦੱਸਿਆ ਕਿ ਉਸ ਨੇ 7 ਏਕੜ ਰਕਬੇ ‘ਚ ਫੁੱਲਾਂ ਦੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਸੀ। ਇਸ ਤੋਂ ਬਾਅਦ ਇਹ ਖੇਤੀ ਵਧ ਕੇ ਹੁਣ ਦੇਸ਼ ਦੇ ਚਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਰਨਾਟਕ ‘ਚ 850 ਏਕੜ ਤੱਕ ਪੁੱਜ ਚੁੱਕੀ ਹੈ।
ਉਸ ਨੇ ਦੱਸਿਆ ਕਿ ਉਹ ਖ਼ੁਦ 80 ਏਕੜ ਜਮੀਨ ‘ਚ ਫੁੱਲਾਂ ਦੀ ਖੇਤੀ ਕਰਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਰ ਸੂਬਿਆਂ ਦੇ ਕਰੀਬ 225 ਕਿਸਾਨਾਂ ਤੋਂ ਤਕਰੀਬਨ 770 ਏਕੜ ਰਕਬੇ ‘ਚ ਕੰਟਰੈਕਟ ਫਾਰਮਿੰਗ ਰਾਹੀਂ ਡੇਜੀ, ਪਟੂਨਿਆ, ਕਰੈਸੈਸੀਅਮ, ਐਨਕੋਜੀਆ ਤੇ ਗਜਾਟੀਆ ਸਮੇਤ 150 ਕਿਸਮ ਦੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨ ਦੇ ਕਰੀਬ ਮੁਲਕਾਂ ਨੂੰ ਆਪਣੀ ਬਾਇਓਕਾਰਵ ਸੀਡਜ਼ ਕੰਪਨੀ ਰਾਹੀਂ ਨਿਰਯਾਤ ਕਰਕੇ ਵਿਦੇਸ਼ੀ ਮੁਦਰਾ ਦੇਸ਼ ਵਿਚ ਲਿਆ ਰਿਹਾ ਹੈ।
ਜਗਜੀਵਨ ਰਾਮ ਅਵਿਨਵ ਕਿਸਾਨ ਪੁਰਸਕਾਰ ਸਮੇਤ ਅਨੇਕਾਂ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਇਹ ਨੌਜਵਾਨ ਕਿਸਾਨ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਉਸ ਨੂੰ ਫੁੱਲਾਂ ਦੇ ਬੀਜਾਂ ਦੀ ਗਰੇਡੇਸ਼ਨ, ਪ੍ਰੋਸੈਸਿੰਗ, ਪੈਕਿੰਗ ਤੇ ਸਟੋਰੇਜ਼ ਲਈ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ 89 ਲੱਖ ਰੁਪਏ ਦੇ ਕਰੀਬ ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ।
ਸਿਮਰਾਨ ਰੰਗ ਨੇ ਦੱਸਿਆ ਕਿ ਉਸ ਦੀ ਇੱਛਾ ਹੈ ਕਿ ਭਾਰਤ ਵਿੱਚ ਪੈਦਾ ਕੀਤੇ ਫੁੱਲਾਂ ਦੇ ਬੀਜਾਂ ਦੀ ਪੂਰੀ ਦੁਨੀਆਂ ਵਿੱਚ ਸਰਦਾਰੀ ਰਹੇ। ਇਸ ਦੇ ਨਾਲ ਹੀ ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲਕੇ ਬਾਗਬਾਨੀ, ਡੇਅਰੀ ਫਾਰਮਿੰਗ ਸਮੇਤ ਫੁੱਲਾਂ ਦੇ ਬੀਜਾਂ ਦੀ ਕਾਸ਼ਤ ਨੂੰ ਵੀ ਤਰਜੀਹ ਦੇਣ।