ਨਾਭਾ : ਪੰਜਾਬ ਦਾ ਅੰਨਦਾਤਾ ਦਿਨੋਂ-ਦਿਨ ਕਰਜ਼ੇ ਹੇਠਾਂ ਦੱਬਦਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਕਣਕ ਦੀ ਫ਼ਸਲ 'ਤੇ ਕਰੋਪੀ ਨੇ ਕਿਸਾਨਾਂ ਦੇ ਮੱਥੇ 'ਤੇ ਤਰੇਲੀਆ ਲਿਆ ਦਿੱਤੀਆਂ ਹਨ। ਪੰਜਾਬ ਵਿੱਚ ਕਿਸਾਨਾਂ ਦੀ ਪੁੱਤਾਂ ਵਾਗੂੰ ਪਾਲੀ ਫ਼ਸਲ ਨੂੰ ਅੱਗ ਲੱਗਣ ਕਾਰਨ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਜਲ ਕੇ ਰਾਖ ਹੁੰਦੀ ਜਾ ਰਹੀ ਹੈ।
ਨਾਭਾ ਦੇ 3 ਪਿੰਡਾਂ 'ਚ ਖੜੀ ਕਣਕ ਨੂੰ ਲੱਗੀ ਅੱਗ, 12 ਏਕੜ ਫ਼ਸਲ ਸੜ ਕੇ ਸੁਆਹ
ਕਿਸਾਨਾਂ ਦੀਆਂ ਫ਼ਸਲਾਂ ਪੱਕ ਕੇ ਤਿਆਰ ਹੋ ਗਈਆਂ ਹਨ। ਕਈਆਂ ਨੇ ਤਾਂ ਵਾਢੀ ਕਰ ਲਈ ਹੈ ਪਰ ਕਈਆਂ ਨੇ ਹਾਲੇ ਸ਼ੁਰੂ ਕਰਨੀ ਹੈ। ਜਿੰਨ੍ਹਾਂ ਦੀਆਂ ਫ਼ਸਲਾਂ ਦੀ ਵਾਢੀ ਬਾਕੀ ਹੈ, ਉਨ੍ਹਾਂ ਕਿਸਾਨਾਂ ਦੀ ਫ਼ਸਲ ਕਿਸੇ ਨੇ ਕਿਸੇ ਤਰੀਕੇ ਨੁਕਸਾਨੀਆਂ ਜਾ ਰਹੀਆਂ ਹਨ। ਨਾਭਾ ਬਲਾਕ ਅਧੀਨ ਪੈਂਦੇ 3 ਪਿੰਡਾਂ ਦੇ ਕਿਸਾਨਾਂ ਦੀ ਤਿਆਰ ਫ਼ਸਲ ਸੜ ਕੇ ਸੁਆਹ ਹੀ ਗਈਆਂ ਹਨ।
ਅੱਜ ਨਾਭਾ ਬਲਾਕ ਦੇ 3 ਪਿੰਡਾਂ ਵਿੱਚ ਫ਼ਸਲ ਅਤੇ ਨਾੜ ਨੂੰ ਲੱਗੀ ਭਿਆਨਕ ਅੱਗ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਕੇ ਰੱਖ ਦਿੱਤੇ ਹਨ। ਕਈ ਕਿਸਾਨਾਂ ਨੇ ਤਾਂ ਜ਼ਮੀਨਾਂ ਠੇਕੇ 'ਤੇ ਲਈਆਂ ਹੋਈਆਂ ਹਨ, ਜਿਸ ਕਰ ਕੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਨਾਭਾ ਬਲਾਕ ਦੇ ਪਿੰਡ ਚਹਿਲ, ਪੜੀ ਪਨੈਚਾ ਅਤੇ ਭਗਵਾਨਪੁਰ ਵਿਖੇ ਖੜੀ ਕਣਕ ਦੀ 12 ਏਕੜ ਫ਼ਸਲ ਅਤੇ 23 ਏਕੜ ਕਣਕ ਦੀ ਨਾੜ ਸੜ ਕੇ ਤਬਾਹ ਹੋ ਗਈ। ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੇ ਕਾਬੂ ਪਾਇਆ।
ਇਹ ਅੱਗ ਫ਼ਸਲ ਨੂੰ ਕਿਵੇਂ ਲੱਗੀ ਇਸ ਦਾ ਕਿਸੇ ਨੂੰ ਨਹੀਂ ਪਤਾ ਅਤੇ ਅੱਗ ਦੀਆਂ ਚਿੰਗਾਰੀਆਂ ਨੇ ਕਿਸਾਨਾਂ ਦੇ ਸਾਹਮਣੇ ਹੀ ਖੜੀ ਫ਼ਸਲ ਨੂੰ ਰਾਖ ਕਰ ਦਿੱਤਾ ਅਤੇ ਜ਼ਿਆਦਾਤਰ ਕਿਸਾਨਾਂ ਵੱਲੋਂ ਜ਼ਮੀਨ ਠੇਕੇ 'ਤੇ ਲਈ ਹੋਈ ਸੀ ਅਤੇ ਹੁਣ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।