ਪਟਿਆਲਾ: ਕੇਂਦਰ ਸਰਕਾਰ ਦੇ ਆਰਡੀਨੈਂਸਾਂ ਵਿਰੁੱਧ ਕਿਸਾਨਾਂ ਦਾ ਰੋਹ ਉਦੋਂ ਰਜਿੰਦਰਾ ਹਸਪਤਾਲ ਵੱਲ ਮੂੰਹ ਕਰ ਗਿਆ, ਜਦੋਂ ਇੱਕ ਕਿਸਾਨ ਮਰੀਜ਼ ਨੂੰ ਹਸਪਤਾਲ ਪ੍ਰਬੰਧਕਾਂ ਨੇ ਕੋਰੋਨਾ ਵਾਰਡ ਵਿੱਚ ਦਾਖ਼ਲ ਕਰ ਲਿਆ। ਗੁੱਸੇ ਵਿੱਚ ਆਏ ਕਿਸਾਨਾਂ ਨੇ ਰਜਿੰਦਰਾ ਹਸਪਤਾਲ ਨੂੰ ਚਾਰੇ ਪਾਸਿਉਂ ਘੇਰ ਲਿਆ ਅਤੇ ਨਾਹਰੇਬਾਜ਼ੀ ਕਰਦੇ ਹੋਏ ਸੜਕ ਜਾਮ ਕਰ ਦਿੱਤੀ।
ਜਾਣਕਾਰੀ ਅਨੁਸਾਰ ਇੱਕ ਕਿਸਾਨ ਪਰਿਵਾਰ ਦਾ ਮਰੀਜ਼ ਇਥੇ ਹਸਪਤਾਲ ਦਵਾਈ ਲੈਣ ਆਇਆ ਸੀ, ਜਿਸ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ।
ਕਿਸਾਨ ਜੱਥੇਬੰਦੀਆਂ ਨੇ ਘੇਰਿਆ ਰਜਿੰਦਰਾ ਹਸਪਤਾਲ, ਸੜਕ ਕੀਤੀ ਜਾਮ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਸੋ਼ਸ਼ਣ ਕਰ ਰਹੀ ਹੈ। ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਜਾਨਾਂ ਜਾ ਰਹੀਆਂ ਹਨ ਪਰੰਤੂ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਪ੍ਰਬੰਧ ਨਹੀਂ ਹੋ ਰਿਹਾ ਹੈ। ਜਦੋਂ ਵੀ ਹਸਪਤਾਲ ਵਿੱਚ ਕੋਈ ਕੋਰੋਨਾ ਮਰੀਜ਼ ਆਉਂਦਾ ਹੈ ਤਾਂ ਉਸ ਨੂੰ ਪਾਸੇ ਸੁੱਟ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਉਹ ਰਜਿੰਦਰਾ ਹਸਪਤਾਲ ਵਿੱਚ ਇਲਾਜ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਹਸਪਤਾਲ ਦੇ ਮੁੱਖ ਅਫ਼ਸਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਮਰੀਜ਼ ਨੂੰ ਛੁੱਟੀ ਦਿੱਤੀ ਜਾਵੇ।
ਉਧਰ, ਮੈਡੀਕਲ ਸੁਪਰਡੈਂਟ ਐਚਐਸ ਰੇਖੀ ਨੇ ਕਿਹਾ ਕਿ ਉਨ੍ਹਾਂ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਅਤੇ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ। ਉਨ੍ਹਾਂ ਦੱਸਿਆ ਕਿ ਇੱਕ ਕਿਸਾਨ ਪਰਿਵਾਰ ਦਾ ਮਰੀਜ਼ ਉਨ੍ਹਾਂ ਕੋਲ ਇਥੇ ਹੈ, ਜਿਸ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਨਹੀਂ ਹੋ ਸਕੀ ਸੀ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਚਿੰਤਾ ਸੀ। ਸੋ ਉਨ੍ਹਾਂ ਆਪਣੇ ਫੋਨ ਰਾਹੀਂ ਪਰਿਵਾਰਕ ਮੈਂਬਰਾਂ ਨਾਲ ਮਰੀਜ਼ ਦੀ ਗੱਲ ਕਰਵਾ ਦਿੱਤੀ ਹੈ ਅਤੇ ਮਰੀਜ਼ ਬਿਲਕੁਲ ਠੀਕ ਹੈ।