ਪਟਿਆਲਾ: ਪੰਜਾਬ ਵਿੱਚ ਪੈ ਰਹੀ ਠੰਢ ਨੇ ਜਿਥੇ ਲੋਕਾਂ ਦੇ ਹੱਡ ਠਾਰ ਦਿੱਤੇ ਹਨ, ਉੱਥੇ ਹੀ ਧੁੰਦ ਦਾ ਕਹਿਰ ਲੋਕਾਂ ਲਈ ਜਾਨਲੇਵਾ ਬਣਦਾ ਜਾ ਰਿਹਾ ਹੈ। ਧੁੰਦ ਨਾਲ ਵਿਜ਼ੀਬਿਲਟੀ ਘੱਟ ਹੋਣ ਕਾਰਨ ਲੋਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਪਟਿਆਲਾ ਵੀ ਕੋਹਰੇ ਦੀ ਚਿੱਟੀ ਚਾਦਰ ਨਾਲ ਘਿਰਿਆ ਹੋਇਆ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਰਾਈਵਰ ਤੀਰਥਪਾਲ ਸਿੰਘ ਨੇ ਕਿਹਾ ਕਿ ਕੋਹਰੇ ਵਿੱਚ ਵਾਹਨ ਚਲਾਉਣ ਵਿੱਚ ਕਾਫੀ ਦਿੱਕਤ ਹੁੰਦੀ ਹੈ। ਕਈ ਵਾਰ ਹਾਈਵੇ ਉੱਤੇ ਅਵਾਰਾ ਪਸ਼ੂ ਆ ਜਾਂਦੇ ਹਨ ਪਰ ਧੁੰਦ ਕਾਰਨ ਉਹ ਦਿਖਾਈ ਨਹੀਂ, ਜਿਸ ਨਾਲ ਹਾਦਸਾ ਵਾਪਰ ਜਾਂਦਾ ਹੈ।
ਧੁੰਦ ਦਾ ਕਹਿਰ: ਵਾਹਨ ਚਾਲਕਾਂ ਨੂੰ ਆਉਣ ਲੱਗੀਆਂ ਮੁਸ਼ਕਲਾਂ ਤੀਰਥਪਾਲ ਨੇ ਵਾਹਨ ਚਾਲਕਾਂ ਨੂੰ ਸੁਝਾਅ ਦਿੱਤਾ ਕਿ ਜਦੋਂ ਕੋਹਰੇ ਵਿੱਚ ਕੋਈ ਵਿਅਕਤੀ ਵਾਹਨ ਚਲਾਉਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਵਾਹਨ ਦੀਆਂ ਪਾਰਕਿੰਗ ਲਾਈਟਾਂ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਆਪਣੇ ਵਾਹਨ ਵਿੱਚ ਰਿਫ਼ਲੈਕਟਰ ਰੱਖਣੇ ਚਾਹੀਦੇ ਹਨ।
ਐਸ.ਪੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਉਹ ਇਸ ਵਾਰ 22ਵਾਂ ਸੁਰੱਖਿਆ ਮਹੀਨਾ ਮਨਾ ਰਹੇ ਹਨ, ਜਿਸ ਵਿੱਚ ਉਹ ਲੋਕਾਂ ਨੂੰ ਅਵੇਅਰ ਕਰ ਰਹੇ ਹਨ ਕਿ ਇਸ ਧੁੰਦ ਦੇ ਮੌਸਮ ਵਿੱਚ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਧੁੰਦ ਵਿੱਚ ਲੋਕ ਵਾਹਨਾਂ ਨੂੰ ਹੋਲੀ-ਹੋਲੀ ਚਲਾਉਣ ਤਾਂ ਜੇਕਰ ਕੋਈ ਵਾਹਨ ਅਚਾਨਕ ਤੋਂ ਸਾਹਮਣੇ ਆਉਂਦਾ ਤਾਂ ਉਸ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਜੇਕਰ ਬਹੁਤ ਹੀ ਜ਼ਰੂਰੀ ਹੈ ਤਾਂ ਸੜਕਾਂ ਉਪਰ ਡਰਾਈਵਿੰਗ ਕੀਤੀ ਜਾਵੇ ਉਹ ਵੀ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਪੁਲਿਸ ਪਟਿਆਲਾ ਵੱਲੋਂ ਸਮੇਂ-ਸਮੇਂ 'ਤੇ ਸੈਮੀਨਾਰ ਲਗਾਏ ਜਾਂਦੇ ਹਨ ਤੇ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਸ ਧੁੰਦ ਵਿੱਚ ਕਿਸ ਤਰ੍ਹਾਂ ਡਰਾਈਵਿੰਗ ਕਰਨੀ ਹੈ ਤੇ ਕਿਹੜੇ-ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੈ।