ਪਟਿਆਲਾ: ਸਿਆਸੀ ਪਾਰਟੀਆਂ ਦੇ ਆਗੂਆਂ 'ਤੇ ਵੱਡੇ ਘਰਾਣਿਆਂ ਤੋਂ ਕਾਲਾ ਧਨ ਲੈਣ ਦੇ ਦੋਸ਼ ਅਕਸਰ ਲਗਦੇ ਰਹਿੰਦੇ ਹਨ ਪਰ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇਮਾਨਦਾਰੀ ਦੀ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਉਹ ਕਾਲਾ ਧਨ ਲੈਣ ਦੀ ਬਜਾਏ ਜਨਤਾ ਕੋਲੋਂ ਘਰ-ਘਰ ਜਾ ਕੇ ਝੋਲੀ ਅੱਡ ਕੇ ਚੋਣਾਂ ਲਈ ਚੰਦਾ ਮੰਗ ਰਹੇ ਹਨ।
ਬੀਤੇ ਦਿਨੀਂ ਡਾ. ਗਾਂਧੀ ਦੀਆਂ ਕੁੱਝ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਲੋਕਾਂ ਤੋਂ ਝੋਲੀ ਅੱਡ ਕੇ ਪੈਸੇ ਮੰਗਦੇ ਵਿਖਾਈ ਦੇ ਰਹੇ ਹਨ। ਦਰਅਸਲ ਉਹ ਇਨ੍ਹਾਂ ਗਤੀਵਿਧਿਆਂ ਨਾਲ ਚੋਣਾਂ ਲਈ ਫੰਡ ਇਕੱਠਾ ਕਰ ਰਹੇ ਹਨ।
ਡਾ. ਧਰਮਨਵੀਰ ਗਾਂਧੀ ਦਾ ਕਹਿਣਾ ਹੈ ਕਿ ਉਨ੍ਹਾਂ ਸਾਰੀ ਜ਼ਿੰਦਗੀ ਇਮਾਨਦਾਰੀ 'ਚ ਕੱਢੀ ਹੈ ਅਤੇ ਹੁਣ ਚੋਣਾਂ ਵੀ ਉਹ ਇਮਾਨਦਾਰੀ ਨਾਲ ਹੀ ਲੜਨਾ ਚਾਹੁੰਦੇ ਹਨ ਇਸ ਲਈ ਜਨਤਾ ਤੋਂ ਪੈਸੇ ਲੈ ਰਹੇ ਹਨ। ਕੋਈ ਜਿੰਨਾ ਵੀ ਯੋਗਦਾਨ ਪਾਉਂਦਾ ਹੈ ਉਹ ਸੰਤੁਸ਼ਟ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਇਕ ਨਿੱਜੀ ਟੀ ਵੀ ਦੁਆਰਾ ਇੱਕ ਸਟਿੰਗ ਕੀਤਾ ਗਿਆ ਸੀ ਜਿਸ ਵਿੱਚ ਡਾ. ਗਾਂਧੀ ਬੇ-ਦਾਗ਼ ਨਿਕਲੇ ਸਨ। ਜਿੱਥੇ ਦੇਸ਼ ਦੇ ਵੱਖ-ਵੱਖ ਸਾਂਸਦ ਇਸ ਸਟਿੰਗ 'ਚ ਫ਼ਸਦੇ ਦਿਖਾਈ ਦਿੱਤੇ ਉੱਥੇ ਡਾ. ਗਾਂਧੀ ਨੇ ਖ਼ੁਫ਼ੀਆ ਕੈਮਰੇ 'ਚ ਕਾਲਾ ਧਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸਨੇ ਉਨ੍ਹਾਂ ਦੀ ਇਮਾਨਦਾਰੀ ਨੂੰ ਸਾਬਿਤ ਕੀਤਾ।