ਪਟਿਆਲਾ: ਸ਼ਹਿਰ ਵਿੱਚ ਇੱਕ ਅਜਿਹਾ ਪੰਛੀ ਤੇ ਵਾਤਾਵਰਣ ਪ੍ਰੇਮੀ ਸ਼ਖ਼ਸ ਹੈ ਜਿਸ ਨੇ ਆਪਣੇ ਘਰ ਵਿੱਚ ਕਰੀਬ ਅਲੋਪ ਹੋ ਚੁੱਕੀਆਂ ਚਿੜੀਆਂ ਨੂੰ ਸ਼ਰਨ ਦਿੱਤੀ ਹੋਈ ਹੈ। ਵਾਤਾਵਰਣ ਪ੍ਰੇਮੀ ਧਰਮ ਸਿੰਘ ਨੇ ਆਪਣੇ ਘਰ ਵਿੱਚ 150 ਦੇ ਕਰੀਬ ਚਿੜੀਆਂ ਨੂੰ ਆਸਰਾ ਦੇ ਰੱਖਿਆ ਹੈ।
ਵਾਤਾਵਰਣ ਪ੍ਰੇਮੀਆਂ ਲਈ ਮਿਸਾਲ ਹਨ ਧਰਮ ਸਿੰਘ ਟੋਨੀ ਗੱਲਬਾਤ ਕਰਦਿਆਂ ਧਰਮ ਸਿੰਘ ਨੇ ਦੱਸਿਆ ਕਿ ਅੱਜ ਤੋਂ 15 ਸਾਲ ਪਹਿਲਾਂ ਉਨ੍ਹਾਂ ਬਜ਼ਾਰੋਂ ਨਕਲੀ ਚਿੜੀਆਂ ਲਿਆਕੇ ਆਪਣੇ ਘਰ ਲੱਗੇ ਬੂਟੇ 'ਤੇ ਟੰਗੀਆਂ ਸਨ ਅਤੇ ਉਨ੍ਹਾਂ ਨੂੰ ਦੇਖ 2 ਹੋਰ ਅਸਲੀ ਚਿੜੀਆਂ ਇੱਥੇ ਆ ਕੇ ਰਹਿਣ ਲੱਗ ਗਈਆਂ। ਇਸ ਮਗਰੋਂ ਉਨ੍ਹਾਂ ਘਰ ਚਿੜੀਆਂ ਦੀ ਤਦਾਦ ਵੱਧ ਗਈ, ਜਿਸ ਤੋੰ ਬਾਅਦ ਉਨ੍ਹਾਂ ਨੇ ਸਭ ਚਿੜੀਆਂ ਲਈ ਆਲ੍ਹਣੇ ਬਣਾ ਦਿੱਤੇ।
ਧਰਮ ਸਿੰਘ ਟੋਨੀ ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਘਰ 150 ਦੇ ਕਰੀਬ ਚਿੜਾ-ਚਿੜੀ ਅਤੇ 71 ਘੋਂਸਲੇ ਹਨ ਅਤੇ ਉਹ ਪੰਛੀਆਂ ਨੂੰ ਖਾਣਾ ਪਾਉਣਾ ਕਦੇ ਨਹੀਂ ਭੁੱਲਦੇ। ਧਰਮ ਸਿੰਘ ਦਾ ਕਹਿਣਾ ਹੈ ਕਿ ਇਸ ਨੇਕ ਕੰਮ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਗੁਆਢੀਆਂ ਤੋਂ ਪੂਰਾ ਸਹਿਯੋਗ ਮਿਲਦਾ ਹੈ।
ਧਰਮ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਉੱਠਣ ਲਈ ਵੀ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਚਿੜੀਆਂ ਦੀ ਚੀਂ-ਚੀਂ ਨਾਲ ਸਵੇਰੇ ਹੀ ਉਨ੍ਹਾਂ ਦੀ ਜਾਗ ਖੁੱਲ ਜਾਂਦੀ ਹੈ। ਧਰਮ ਸਿੰਘ ਦੇ ਗੁਆਂਢੀ ਨੇ ਵੀ ਕਿਹਾ ਕਿ ਧਰਮ ਸਿੰਘ ਦੇ ਘਰ ਆ ਕੇ ਉਨ੍ਹਾਂ ਨੂੰ ਚਿੜੀਆਂ ਦੀ ਅਵਾਜ਼ ਸੁਣਕੇ ਬਹੁਤ ਸਕੂਨ ਮਿਲਦਾ ਹੈ।