ਪਟਿਆਲਾ: ਰਾਜਪੁਰਾ ਨੇੜੇ ਗੰਡਾ ਖੇੜੀ ਤੋਂ ਲਾਪਤਾ ਹੋਏ ਬੱਚੇ ਦੀ ਲਾਸ਼ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਮ ਸਸਕਾਰ ਪਿੰਡ ਗੰਡਾ ਖੇੜੀ ਵਿਖੇ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 22 ਜੁਲਾਈ ਨੂੰ ਪਿੰਡ ਗੰਡਾ ਖੇੜੀ ਤੋਂ ਦੋ ਬੱਚੇ ਲਾਪਤਾ ਹੋਏ ਸਨ ਅਤੇ ਭਾਲ 'ਚ ਲੱਗੀ ਪੁਲਿਸ ਨੂੰ ਕਈ ਦਿਨਾਂ ਬਾਅਦ ਬੀਤੇ ਦਿਨੀਂ ਨਰਵਾਣਾ ਨਹਿਰ ਤੋਂ ਬੱਚੇ ਦੀ ਲਾਸ਼ ਮਿਲੀ। ਬੱਚੇ ਦੇ ਮਾਪਿਆਂ ਦਾ ਸਦਮੇ 'ਚ ਹੋਣ ਕਾਰਨ ਮ੍ਰਿਤਕ ਦੇਹ ਦੀ ਪਛਾਣ ਉਸ ਦੇ ਦਾਦੇ ਵੱਲੋਂ ਕੀਤੀ ਗਈ ਸੀ ਅਤੇ ਉਨ੍ਹਾਂ ਦੱਸਿਆ ਕਿ ਇਹ ਲਾਸ਼ ਉਨ੍ਹਾਂ ਦੇ ਵੱਡੇ ਪੋਤਰੇ ਜਸ਼ਨਦੀਪ ਦੀ ਹੈ।
ਰਜਿੰਦਰਾ ਹਸਪਤਾਲ 'ਚ ਬੱਚੇ ਦਾ ਪੋਸਟਮਾਰਟਮ ਕਰ ਉਸ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦਾ ਹੁਣ ਉਸ ਦੇ ਪਿੰਡ 'ਚ ਅੰਤਮ ਸਸਕਾਰ ਕੀਤਾ ਗਿਆ। ਲਾਸ਼ ਦੀ ਸ਼ਨਾਖ਼ਤ ਹੋਣ 'ਤੇ ਮੌਕੇ ਤੇ ਪੁੱਜੇ ਘਨੌਰ ਦੇ ਐਮਐਲਏ ਮਦਨ ਲਾਲ ਜਲਾਲਪੁਰ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਜਿਸ ਨੇ ਵੀ ਇਹ ਸਭ ਕੁੱਝ ਕੀਤਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।