ਪਟਿਆਲਾ: ਭਾਰਤ ਵਿੱਚ ਕ੍ਰਿਕਟ ਇੱਕ ਖੇਡ ਨਹੀਂ ਸਗੋਂ ਧਰਮ ਵਜੋਂ ਜਾਣਿਆ ਜਾਂਦਾ ਹੈ ਅਤੇ ਜਦੋਂ ਵੀ ਭਾਰਤ ਦੀ ਕੋਈ ਵੀ ਟੀਮ ਵਿਸ਼ਵ ਕੱਪ ਆਪਣੇ ਨਾਂਅ ਕਰਦੀ ਹੈ ਤਾਂ ਉਸ ਦਾ ਉਤਸ਼ਾਹ ਲਫ਼ਜ਼ਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੁੰਦਾ। ਅਜਿਹਾ ਹੀ ਕੁੱਝ ਭਾਰਤੀ ਅੰਡਰ 19 ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੀ ਧਰਤੀ ਉੱਤੇ ਕਰਕੇ ਵਿਖਾਇਆ ਜਦੋਂ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਅਜੇਤੂ ਟੀਮ ਨੂੰ ਇੱਕ ਪਾਸੜ ਮੈਚ ਵਿੱਚ 7 ਵਿਕਟਾਂ ਨਾਲ ਹਰਾਇਆ ।
ਜਿੱਤ ਮਗਰੋਂ ਜਸ਼ਨ: ਇਸ ਜਿੱਤ ਤੋੇਂ ਬਾਅਦ ਪਟਿਆਲਾ ਦੀ ਖਿਡਾਰਣ ਮੰਨਤ ਕੇਸ਼ਵ ਦੇ ਘਰ ਜਸ਼ਨ ਦਾ ਮਾਹੌਲ ਬਣ ਗਿਆ। ਦਰਅਸਲ ਮੰਨਤ ਕੇਸ਼ਵ ਨੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੂਰੇ ਵਿਸ਼ਵ ਕੱਪ ਵਿੱਚ ਅਹਿਮ ਭੂਮਿਕਾ ਨਿਭਾਈ। ਦੂਜੇ ਪਾਸੇ ਪਟਿਆਲਾ ਵਿੱਚ ਮੰਨਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੇ ਦੇਸ਼ ਅਤੇ ਪੰਜਾਬ ਦੇ ਨਾਲ ਨਾਲ ਪਟਿਆਲਾ ਦਾ ਵੀ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜੇਤੂ ਧੀ ਨਾਲ ਉਨ੍ਹਾਂ ਨੇ ਗੱਲ ਕਰਕੇ ਜੋ ਮਾਣ ਮਹਿਸੂਸ ਕੀਤਾ ਹੈ ਉਹ ਪਹਿਲਾਂ ਕਦੇ ਵੀ ਨਹੀਂ ਕੀਤਾ।
ਵਤਨ ਵਾਪਸੀ ਉੱਤੇ ਸੁਆਗਤ ਦੀ ਤਿਆਰੀ:ਮੰਨਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਬਣ ਕੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਦਿਆਂ ਇਤਿਹਾਸ ਦਰਜ ਕੀਤਾ ਹੈ ਅਤੇ ਉਹ ਆਪਣੀ ਧੀ ਦੇ ਸੁਆਗਤ ਲਈ ਵਿਸ਼ੇਸ਼ ਤਿਆਰੀ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤੀ ਅੰਡਰ 19 ਮਹਿਲਾ ਟੀਮ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਸਨ ਅਤੇ ਸਾਡੀਆਂ ਬੱਚੀਆਂ ਨੇ ਇਤਿਹਾਸ ਸਿਰਜਦਿਆਂ ਪੂਰੇ ਦੇਸ਼ ਨੂੰ ਮਾਣ ਵੀ ਮਹਿਸੂਸ ਕਰਵਾਇਆ ਹੈ।
ਇਹ ਵੀ ਪੜ੍ਹੋ: Women Under 19 T20 World Cup: ਭਾਰਤ ਨੇ ਇੰਗਲੈਂਡ ਨੂੰ ਹਰਾ ਕੇ T-20 ਵਿਸ਼ਵ ਕੱਪ ਜਿੱਤਿਆ
ਬੀਤੇ ਦਿਨ ਸਿਰਜਿਆ ਇਤਿਹਾਸ:ਦੱਸ ਦਈਏ ਬੀਤੇ ਦਿਨ ਆਈਸੀਸੀ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਜਮਾਇਆ ਸੀ। ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਬਨਾਮ ਇੰਗਲੈਂਡ ਵਿਚਾਲੇ ਦੱਖਣੀ ਅਫਰੀਕਾ 'ਚ ਖੇਡਿਆ ਗਿਆ ਸੀ । ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਮਹਿਜ਼ 68 ਦੌੜਾਂ 'ਤੇ ਢੇਰ ਹੋ ਗਈ ਸੀ ਇਸ ਤੋਂ ਬਾਅਦ ਭਾਰਤ ਨੇ ਅਸਾਨੀ ਨਾਲ ਟੀਚੇ ਨੂੰ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ।