ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਬੁੱਧਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਤਹਿਤ ਪਟਿਆਲਾ ਦੇ ਮਿੰਨੀ ਸੱਕਤਰੇਤ ਵਿਖੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਫੋਨ ਵੰਡੇ।
ਪਟਿਆਲਾ ਤੋਂ ਸਾਧੂ ਸਿੰਘ ਧਰਮਸੋਤ ਨੇ ਵਿਦਿਆਰਥੀਆਂ ਨੂੰ ਸਮਾਰਟ ਮੋਬਾਈਲ ਫੋਨ ਦੇ ਕੇ ਸਕੀਮ ਦੀ ਸ਼ੁਰੂਆਤ ਕੀਤੀ। ਧਰਮਸੋਤ ਨੇ ਦੱਸਿਆ ਕਿ ਰਾਜ ਵਿੱਚ 12 ਵੀਂ ਜਮਾਤ ਦੇ ਕੁੱਲ ਇੱਕ ਲੱਖ 74 ਹਜ਼ਾਰ ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ 95 ਹਜ਼ਾਰ ਐਸ.ਸੀ. , 36555 ਓਬੀਸੀ, ਅਤੇ 42 ਹਜ਼ਾਰ ਆਮ ਹਨ, ਇਨ੍ਹਾਂ ਬੱਚਿਆਂ ਵਿੱਚ ਇੱਕ ਲੱਖ 12 ਹਜ਼ਾਰ ਪੇਂਡੂ ਖੇਤਰ ਤੋਂ ਅਤੇ 62 ਹਜ਼ਾਰ ਸ਼ਹਿਰੀ ਖੇਤਰ ਵਿੱਚੋਂ ਆਏ ਹਨ। ਧਰਮਸੋਤ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਹਰ ਬੱਚੇ ਵਿਅਕਤੀ ਨੂੰ ਇੱਕ ਸਮਾਰਟ ਫੋਨ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਸਮਾਰਟ ਕਲਾਸ ਲਾਗੂ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।