ਪਟਿਆਲਾ: ਅਕਾਲੀ ਦਲ ਡੈਮੋਕ੍ਰੇਟਿਕ ਨੇ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਨੂੰ ਕਿਸਾਨਾਂ ਵਿਰੁੱਧ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਧੋਖਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਾਨਫਰੰਸ ਕਰਕੇ ਚਿੱਠੀ ਰਾਹੀਂ ਕੇਂਦਰ ਦੇ ਖੇਤੀ ਆਰਡੀਨੈਂਸਾਂ ਵਿੱਚ ਬਦਲਾਅ ਦੀ ਗੱਲ ਕਹੀ ਗਈ ਸੀ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਨੇ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਕਾਨਫਰੰਸ ਕਰਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਵਿਰੁੱਧ ਦੋਸ਼ ਲਾਏ ਹਨ।
ਬੀਰਦਵਿੰਦਰ ਅਤੇ ਸੇਖਵਾਂ ਨੇ ਸੁਖਬੀਰ ਬਾਦਲ ਤੇ ਐਸਜੀਪੀਸੀ ਪ੍ਰਧਾਨ 'ਤੇ ਲਾਏ ਗੰਭੀਰ ਦੋਸ਼ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਐਨੀ ਵੱਡੀ ਸਾਜਿਸ਼ ਵਿੱਚ ਸੁਖਬੀਰ ਬਾਦਲ ਦੀ ਧਰਮਪਤਨੀ ਸੰਸਦ ਹਰਸਿਮਰਤ ਕੌਰ ਸ਼ਾਮਲ ਹੈ, ਕਿਉਂਕਿ ਉਸ ਨੇ ਕੇਂਦਰ ਵੱਲੋਂ ਜਾਰੀ ਤਿੰਨੇ ਨੋਟੀਫ਼ਿਕੇਸ਼ਨਾਂ ਦਾ ਸਮਰਥਨ ਕੀਤਾ ਹੈ। ਇਸ ਗਲਤੀ ਦੀ ਪੁਸ਼ਤਪਨਾਹੀ ਕਰਨ ਲਈ ਹੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਪੰਜਾਬ ਦੇ ਕਿਸਾਨਾਂ ਨਾਲ ਧ੍ਰੋਹ ਕਮਾ ਰਿਹਾ ਹੈ।
ਬੀਰਦਵਿੰਦਰ ਸਿੰਘ ਨੇ ਸੁਖਬੀਰ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਉਹ ਚਿੱਠੀ, ਕੇਂਦਰ ਦੇ ਆਰਡੀਨੈਂਸ ਜਿਸ ਉਪਰ ਰਾਸ਼ਟਰਪਤੀ ਦੇ ਸਾਇਨ ਹਨ, ਤੋਂ ਜ਼ਿਆਦਾ ਮਾਇਨੇ ਰੱਖਦੀ ਹੈ?
ਕਾਨਫਰੰਸ ਦੌਰਾਨ ਹਾਜ਼ਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਪਰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਚਲਾ ਸੁਖਬੀਰ ਬਾਦਲ ਰਿਹਾ ਹੈ। ਉਸ ਦੇ ਇਸ਼ਾਰੇ ਤੋਂ ਬਿਨਾਂ ਕੁੱਝ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ 2015 ਵਿੱਚ ਬੁਰਜ਼ ਜਵਾਹਰ ਸਿੰਘ ਵਾਲਾ ਵਿਖੇ ਚੋਰੀ ਹੋਏ ਸਰੂਪ ਦੀ ਗੱਲ 'ਤੇ ਐਫਆਈਆਰ ਤਾਂ ਹੋਈ ਪਰ ਜਿਹੜੇ 2016 ਵਿੱਚ 267 ਸਰੂਪ ਗੁੰਮ ਹੋਏ, ਉਨ੍ਹਾਂ ਬਾਰੇ 4 ਸਾਲ ਤੱਕ ਕੋਈ ਗੱਲ ਨਹੀਂ ਕੱਢੀ ਗਈ। ਇਸ ਤੋਂ ਇਲਾਵਾ 150 ਗੁਰੂ ਸਰੂਪ ਹੋਰ ਵੀ ਗੁੰਮ ਹੋਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿੱਚ ਭਾਵੇਂ ਅਕਾਲ ਤਖਤ ਦੇ ਜਥੇਦਾਰ ਨੇ ਪੜਤਾਲ ਕਰਵਾਈ ਹੈ ਪਰ ਉਹ ਮੰਗ ਕਰਦੇ ਹਨ ਕਿ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਇਕੱਲੇ ਮੁਲਾਜ਼ਮ ਦੋਸ਼ੀ ਨਹੀਂ ਹਨ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੋਵੇਂ ਜ਼ਿੰਮੇਵਾਰ ਹਨ।