ਬੱਸ ਅੱਡੇ ਦਾ ਉਦਘਾਟਨ ਕਰਨ ਪਹੁੰਚੇ ਸੀਐੱਮ ਮਾਨ ਨੂੰ ਪਿਆ ਘੇਰਾ ਪਟਿਆਲ਼ਾ: ਪਿਛਲੇ 15 ਦਿਨਾਂ ਤੋਂ ਹੱਡ ਚੀਰਵੀਂ ਠੰਢ ਵਿੱਚ ਟੈਂਕੀ ਉੱਤੇ ਚੜ੍ਹ ਕੇ ਫਿਜ਼ੀਕਲ ਐਜੂਕੇਸ਼ਨ ਦੇ ਡਿਗਰੀ ਹੋਲਡਰ ਅਧਿਆਪਕ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਅੱਜ ਆਪਣੇ ਸਬਰ ਦੇ ਬੰਨ੍ਹ ਨੂੰ ਤੋੜਦਿਆਂ ਪਟਿਆਲਾ ਦੇ ਨਵੇਂ ਬੱਸ ਅੱਡੇ ਦਾ ਉਦਘਾਟਨ ਕਰਨ ਪਹੁੰਚੇ ਸੀਐੱਮ ਮਾਨ ਦੇ ਕਾਫਲੇ ਨੂੰ ਘੇਰ ਲਿਆ। ਇਸ ਮੌਕੇ ਭਗਵੰਤ ਮਾਨ ਨੇ ਕਾਰ ਵਿੱਚੋਂ ਨਿਕਲ ਕੇ ਪ੍ਰਦਰਸ਼ਨਕਾਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ।
ਸਿੱਖਿਆ ਮੰਤਰੀ ਖ਼ਿਲਾਫ਼ ਰੋਸ:ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਹੱਡ ਚੀਰਵੀਂ ਠੰਢ ਵਿੱਚ ਟੈਂਕੀ ਉੱਤੇ ਚੜ੍ਹੇ ਕੇ ਪ੍ਰਦਰਸ਼ਨ ਕਰ ਰਹੇ ਸਨ,ਪਰ ਜਦੋਂ ਸੂਬੇ ਦੇ ਸਿੱਖਿਆ ਮੰਤਰੀ ਨੂੰ ਇਸ ਸਬੰਧੀ ਸਵਾਲ ਕੀਤਾ ਤਾਂ ਹਰਜੋਤ ਬੈਂਸ ਨੇ ਕਿਹਾ ਕਿ ਟੈਂਕੀਆਂ ਉੱਤੇ ਜੇ ਉਹ ਚੜ੍ਹੇ ਨੇ ਤਾਂ ਮੈਂ ਕੀ ਕਰਾਂ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਚੁਣੇ ਹੋਏ ਨੁਮਾਇਦੇ ਦੇ ਮੂੰਹ ਤੋਂ ਅਜਿਹੀਆਂ ਬੇਤੁਕੀਆਂ ਗੱਲਾਂ ਸਹੀ ਨਹੀਂ ਹਨ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੂੰ ਸੱਦਾ ਪੱਤਰ, ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਰਨਗੇ ਸ਼ਿਰਕਤ !
ਨਿਯੁਕਤੀ ਪੱਤਰ ਦੀ ਮੰਗ:ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਗੱਲ ਅਨੇਕਾਂ ਬਾਰ ਕਹਿ ਚੁੱਕੀ ਹੈ ਪਰ ਬਾਵਜੂਦ ਇਸ ਦੇ ਉਹ ਸੜਕਾਂ ਉੱਤੇ ਰੁਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਜਦੋਂ ਤੱਕ ਮੁੱਖ ਮੰਤਰੀ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੰਦੇ ਉਦੋਂ ਤੱਕ ਉਨ੍ਹਾਂ ਨੂੰ ਸਰਕਾਰ ਦੇ ਕਿਸੇ ਵੀ ਭਰੋਸੇ ਉੱਤੇ ਕੋਈ ਯਕੀਨ ਨਹੀਂ ਹੈ।
ਮੁੱਖ ਮੰਤਰੀ ਨੇ ਦਿੱਤਾ ਭਰੋਸਾ:ਨਵੇਂ ਬੱਸ ਅੱਡੇ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਜਨਤਾ ਦੀ ਸੇਵਾ ਲਈ ਹਮੇਸ਼ਾ ਹਾਜ਼ਿਰ ਨੇ। ਉਨ੍ਹਾਂ ਕਿਹਾ ਕਿ ਹੋਲੀ ਹੋਲੀ ਪੰਜਾਬ ਦੇ ਸਿਸਟਮ ਨੂੰ ਸਹੀ ਕਰਕੇ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਵੀ ਨਿਯੁਕਤੀ ਪੱਤਰ ਜਲਦ ਪੰਜਾਬ ਸਰਕਾਰ ਵੱਲੋਂ ਜਾਰੀ ਤਕਰ ਦਿੱਤੇ ਜਾਣਗੇ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਠੰਢ ਦੇ ਮੌਸਮ ਵਿੱਛ ਧਰਨੇ ਨਾ ਲਗਾਉਣ ਅਤੇ ਬਹੁਤ ਜਲਦ ਉਨ੍ਹਾਂ ਦੀ ਮੰਗ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਭਗਵੰਤ ਮਾਨ ਨੇ ਪ੍ਰਦਰਸ਼ਨਕਾਰੀਆਂ ਦੇ ਨਾਅਰਿਆਂ ਵਿਚਕਾਰ ਮੰਗ ਪੱਤਰ ਫੜ੍ਹਿਆ ਅਤੇ ਭਰੋਸਾ ਦਿਵਾਇਆ।