ਚੰਡੀਗੜ੍ਹ:ਪੰਜਾਬ ਸਰਕਾਰ ਤੇ ਪੁਲਿਸ ਕਾਨੂੰਨ ਦੇ ਨਾਮ 'ਤੇ ਬੇਸ਼ੱਕ ਸਖ਼ਤੀ ਕਰਨ ਦੀ ਗੱਲ ਆਖਦੀ ਹੈ ਪਰ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਤੋਂ ਸਾਫ਼ ਪਤਾ ਲੱਗ ਰਿਹਾ ਕਿ ਉਨ੍ਹਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋ ਚੁੱਕੇ ਹਨ, ਜੋ ਵਾਰਦਾਤ ਕਰਨ ਲੱਗੇ ਨਤੀਜਿਆਂ ਦੀ ਫਿਕਰ ਤੱਕ ਨਹੀਂ ਕਰਦੇ। ਤਾਜ਼ਾ ਮਾਮਲਾ ਪਟਿਆਲਾ ਦਾ ਹੈ, ਜਿਥੇ ਦੇਰ ਰਾਤ ਪਟਿਆਲਾ ਦੀ ਲਹਿਲ ਕਲੋਨੀ ਵਿੱਚ ਇੱਕ ਪਰਿਵਾਰ ਉੱਤੇ 4 ਤੋਂ 5 ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ।
ਇੱਕ ਦੀ ਮੌਤ ਤੇ ਦੋ ਜ਼ੇਰੇ ਇਲਾਜ:ਇਸ ਕਾਰਨ ਜ਼ਖਮੀ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ ਉਸ ਦੇ ਦੋਵੇਂ ਪੁੱਤਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮ੍ਰਿਤਕ ਦੀ ਪਛਾਣ ਪ੍ਰੀਤਮ ਚੰਦ (52) ਵਜੋਂ ਹੋਈ ਹੈ। ਉਸ ਦੇ ਦੋ ਪੁੱਤਰ ਅਜੈ ਕੁਮਾਰ ਅਤੇ ਜਤਿਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹਨ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ: ਪਟਿਆਲਾ ਦੇ ਡੀਐਸਪੀ ਸੰਜੀਵ ਸਿੰਗਲਾ ਨੇ ਦੱਸਿਆ ਕਿ ਘਟਨਾ ਨੂੰ ਮੰਗਲਵਾਰ ਦੇਰ ਰਾਤ ਨੂੰ ਅੰਜਾਮ ਦਿੱਤਾ ਗਿਆ। ਦੇਰ ਰਾਤ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਪਰਿਵਾਰ ਦੇ ਤਿੰਨ ਮੈਂਬਰਾਂ ’ਤੇ ਹਮਲਾ ਹੋਇਆ ਹੈ। ਸੂਚਨਾ ਦੇ ਆਧਾਰ ’ਤੇ ਪਟਿਆਲਾ ਪੁਲਿਸ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਜਾਂਚ ਲਈ ਮੌਕੇ ’ਤੇ ਪੁੱਜ ਗਈਆਂ ਸਨ।
ਰਾਜ ਮਿਸਤਰੀ ਦਾ ਕੰਮ ਕਰਕੇ ਘਰ ਚਲਾਉਂਦਾ ਸੀ ਮ੍ਰਿਤਕ: ਫਿਲਹਾਲ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ ਅਤੇ ਉਨ੍ਹਾਂ ਦੇ ਆਧਾਰ 'ਤੇ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮ੍ਰਿਤਕ ਪ੍ਰੀਤਮ ਚੰਦ ਰਾਜ ਮਿਸਤਰੀ ਸੀ। ਉਹ ਹੀ ਪਰਿਵਾਰ ਦੇ ਪਾਲਣ ਲਈ ਕੰਮ ਕਰਦਾ ਸੀ। ਫਿਲਹਾਲ ਪ੍ਰੀਤਮ ਚੰਦ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ। ਜਿਸ 'ਚ ਪੁਲਿਸ ਵਲੋਂ ਜਲਦ ਮੁਲਜ਼ਮ ਫੜਨ ਦੀ ਗੱਲ ਆਖੀ ਜਾ ਰਹੀ ਹੈ।