ਰਾਜਪੁਰਾ:ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਪੰਜਾਬ ਵਿੱਚ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੇ ਤਹਿਤ ਹੀ ਮੰਗਲਵਾਰ ਨੂੰ ਰਾਜਪੁਰਾ ਵਿੱਚ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਰੈਲੀ ਕੀਤੀ ਗਈ।
ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੌਮੀ ਸੁਰੱਖਿਆ ਅਤੇ ਪੰਜਾਬ ਦੀ ਭਲਾਈ ਉਨ੍ਹਾਂ ਦੇ ਏਜੰਡੇ ਤੇ ਪਹਿਲਾਂ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਅਗਲੀ ਪੀ.ਐਲ.ਸੀ-ਬੀਜੇਪੀ ਸਰਕਾਰ ਇਸ 'ਤੇ ਸਫ਼ਲਤਾ ਪੂਰਵਕ ਕੰਮ ਕਰੇਗੀ। ਇੱਥੇ ਹੀ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ ਨੂੰ ਪਾਰਟੀ 'ਚ ਸ਼ਾਮਲ ਕਰਨ ਤੋਂ ਬਾਅਦ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦੋਵੇਂ ਪਾਰਟੀਆਂ ਚੋਣਾਂ 'ਚ ਸਫ਼ਲਤਾ ਸੁਨਿਸ਼ਚਿਤ ਕਰਨ ਲਈ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਕਾਨੂੰਨੀ ਪੜਤਾਲ 'ਚ ਕਾਇਮ ਨਹੀਂ ਰਹਿ ਸਕੇਗਾ, ਕਿਉਂਕਿ ਸਰਕਾਰ ਨੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਹੈ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ 'ਚ ਬੇਅਦਬੀ ਦੇ ਆਰੋਪੀਆਂ ਦੀ ਹੱਤਿਆ ਦੀ ਨਿੰਦਾ ਵੀ ਕੀਤੀ ਅਤੇ ਕਿਹਾ ਕਿ ਆਰੋਪੀਆਂ ਨੂੰ ਪੁਲੀਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਸੀ।
ਬਿਕਰਮ ਮਜੀਠੀਆ ਮਾਮਲੇ 'ਤੇ ਬੋਲੇ ਕੈਪਟਨ
ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਿਸ ਆਧਾਰ 'ਤੇ ਸਰਕਾਰ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ, ਕਿਉਂਕਿ ਨਸ਼ਾ ਤਸਕਰੀ 'ਤੇ ਰਿਪੋਰਟ ਹਾਲੇ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੀਲਬੰਦ ਲਿਫ਼ਾਫ਼ੇ ਵਿੱਚ ਪਈ ਹੈ। ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕਾਨੂੰਨੀ ਪੜਤਾਲ ਵਿੱਚ ਇਹ ਕੇਸ ਕਾਇਮ ਨਹੀਂ ਰਹਿ ਸਕੇਗਾ। ਸਿਰਫ਼ ਇਸ ਲਈ ਕਿ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ, ਤੁਸੀਂ ਉਸਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਧੱਕ ਸਕਦੇ।
ਕਪੂਰਥਲਾ ਵਿੱਚ ਲਿੰਚਿੰਗ ਮਾਮਲੇ 'ਤੇ ਬੋਲੇ ਕੈਪਟਨ
ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਲਿੰਚਿੰਗ ਨਾਲ ਜੁੜੇ ਇੱਕ ਸਵਾਲ ' ਕੈਪਟਨ ਅਮਰਿੰਦਰ ਨੇ ਕਿਹਾ ਕਿ ਆਰੋਪੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਸੀ। ਕੋਈ ਵੀ ਸਭ ਸਮਾਜ ਅਜਿਹੀਆਂ ਹੱਤਿਆਵਾਂ ਦੀ ਇਜਾਜ਼ਤ ਨਹੀਂ ਦਿੰਦਾ। ਜਦਕਿ ਬਹਿਬਲ ਕਲਾਂ ਬੇਅਦਬੀ ਮਾਮਲੇ ਵਿੱਚ ਨਿਆਂ ਨਾ ਮਿਲਣ ਨਾਲ ਲੋਕਾਂ ਵਿੱਚ ਗੁੱਸੇ ਦੇ ਚੱਲਦਿਆਂ ਅਜਿਹੀਆਂ ਹੱਤਿਆਵਾਂ ਹੋਣ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਇਸ ਮਾਮਲੇ 'ਤੇ ਕੰਮ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੂਬਾ ਸਰਕਾਰ ਨੂੰ ਸੀਬੀਆਈ ਤੋਂ ਜਾਂਚ ਵਾਪਸ ਲੈਣ ਵਾਸਤੇ ਲੰਬੀ ਲੜਾਈ ਲੜਨੀ ਪਈ ਸੀ ਅਤੇ ਬਾਅਦ ਚ ਜਾਂਚ ਸ਼ੁਰੂ ਹੋਈ ਤੇ 22 ਆਰੋਪੀਆਂ ਨੂੰ, ਜਿਨ੍ਹਾਂ ਚ ਪੁਲੀਸ ਅਫ਼ਸਰ ਤੇ ਆਮ ਲੋਕ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਹੜੇ ਹਾਲੇ ਜ਼ਮਾਨਤ ਤੇ ਹਨ। ਉਨ੍ਹਾਂ ਨੇ ਕਿਹਾ ਕਿ ਮੌਬ ਲਿੰਚਿੰਗ ਦੀ ਕਿਤੇ ਵੀ ਇਜਾਜ਼ਤ ਨਹੀਂ ਮਿਲਦੀ, ਜੋ ਵੀ ਹੋਇਆ ਉਹ ਨਿੰਦਣਯੋਗ ਹੈ।