ਪੰਜਾਬ

punjab

ETV Bharat / state

ਡਰੱਗਜ਼ ਮਾਮਲੇ 'ਚ ਨਵੀਂ SIT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ, ਕਰੀਬ 7 ਘੰਟੇ ਚੱਲੀ ਪੁੱਛਗਿੱਛ - Bikram Majithia News

Bikram Majithia Drug Case : ਡਰੱਗਜ਼ ਮਾਮਲੇ 'ਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਫਿਰ ਤੋਂ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਹੋਏ ਹਨ। ਬਿਕਰਮ ਮਜੀਠੀਆ ਕੋਲੋਂ ਨਵੀਂ SIT ਪੁੱਛਗਿੱਛ ਕਰ ਰਹੀ ਹੈ। ਪੇਸ਼ੀ ਲਈ ਪਟਿਆਲਾ ਪਹੁੰਚੇ ਮਜੀਠੀਆ ਨੇ ਇੱਕ ਵਾਰ ਫਿਰ ਨਵੀਂ SIT ਉੱਤੇ ਸਵਾਲ ਖੜੇ ਕੀਤੇ।

Bikram Majitha
Bikram Majitha

By ETV Bharat Punjabi Team

Published : Jan 16, 2024, 10:58 AM IST

Updated : Jan 16, 2024, 7:12 PM IST

ਪਟਿਆਲਾ: ਡਰੱਗਜ਼ ਮਾਮਲੇ ਵਿੱਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਅੱਜ ਮੁੜ ਪਟਿਆਲਾ ਵਿੱਚ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਹੋਏ। ਨਵੀਂ SIT ਦੇ ਗਠਨ ਤੋਂ ਬਾਅਦ ਬਿਕਰਮ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਸੀ ਅਤੇ ਉਨ੍ਹਾਂ ਤੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ। ਉਹ ਪੁਰਾਣੀ ਐਸਆਈਟੀ ਦੇ ਸਾਹਮਣੇ ਤਿੰਨ ਵਾਰ ਪੇਸ਼ ਹੋਏ। ਪਹਿਲੀ ਐਸਆਈਟੀ ਦੀ ਜ਼ਿੰਮੇਵਾਰੀ ਏਡੀਜੀਪੀ ਐਮਐਸ ਛੀਨਾ ਕੋਲ ਸੀ ਅਤੇ ਉਹ 31 ਦਸੰਬਰ ਨੂੰ ਸੇਵਾਮੁਕਤ ਹੋਏ ਸਨ।

'ਜਾਂਚ ਅਧਿਕਾਰੀ ਸੀਐਮ ਦੇ ਹਲਕੇ ਦਾ' : ਬਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਨਵੀਂ SIT ਉੱਤੇ ਸਵਾਲ ਖੜੇ ਕਰਦਿਆ ਕਿਹਾ ਕਿ ਨਵੀਂ ਸਿਟ ਦਾ ਪੱਧਰ ਨੀਵਾਂ ਹੈ, ਇਸ ਗੱਲ ਦੀ ਖੁਸ਼ੀ ਹੈ। ਜਾਂਚ ਅਧਿਕਾਰੀ ਸੀਐਮ ਦੇ ਹਲਕੇ ਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਵੀ ਮੇਰੇ ਉੱਤੇ ਝੂਠਾ ਮਾਮਲਾ ਦਰਜ ਕਰਵਾਇਆ ਸੀ। ਦੱਸ ਦਈਏ ਕਿ ਪਟਿਆਲਾ ਵਿੱਚ ਨਵੀਂ 6 ਮੈਂਬਰੀ ਸਿਟ ਮਜੀਠੀਆ ਕੋਲੋਂ ਸਵਾਲ ਜਵਾਬ ਕਰ ਰਹੀ ਹੈ।

ਨਵੀਂ ਐਸਆਈਟੀ (SIT) ਦਾ ਗਠਨ : ਨਵੀਂ ਸਿਟ (SIT) ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਭੁੱਲਰ ਨੂੰ ਦਿੱਤੀ ਗਈ ਹੈ। ਏਡੀਜੀਪੀ ਐਮਐਸ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ ਐਸਆਈਟੀ ਦਾ ਪੁਨਰਗਠਨ ਕੀਤਾ ਅਤੇ ਇਸ ਮਾਮਲੇ ਦੀ ਕਮਾਨ ਡੀਆਈਜੀ ਭੁੱਲਰ ਤੋਂ ਇਲਾਵਾ ਪਟਿਆਲਾ ਐਸਐਸਪੀ ਵਰੁਣ ਸ਼ਰਮਾ ਤੇ ਧੁਰੀ ਦੇ ਐਸਐਸਪੀ ਯੋਗੇਸ਼ ਸ਼ਰਮਾ ਨੂੰ ਸੌਂਪੀ ਗਈ ਹੈ।

ਮਜੀਠੀਆ 30 ਦਸੰਬਰ ਨੂੰ ਹੋਏ ਸੀ ਪੇਸ਼ ਤੇ ਸਿਟ ਉੱਤੇ ਲਾਏ ਇਲਜ਼ਾਮ:ਦੱਸ ਦਈਏ ਕਿ, ਇਸ ਤੋਂ ਪਹਿਲਾਂ, ਬਿਕਰਮ ਮਜੀਠੀਆ 30 ਦਸੰਬਰ ਨੂੰ ਐਸਆਈਟੀ ਅੱਗੇ ਪੇਸ਼ ਹੋਏ ਸਨ ਅਤੇ ਉਸ ਤੋਂ ਪਹਿਲਾਂ ਐਸਆਈਟੀ ਨੇ 27 ਦਸੰਬਰ ਨੂੰ ਦੂਜੀ ਵਾਰ ਸੰਮਨ ਕੀਤਾ ਸੀ, ਜਿਸ 'ਚ ਸ਼ਹੀਦੀ ਜੋੜ ਮੇਲ ਦੇ ਦਿਨ ਹੋਣ ਕਾਰਨ ਬਿਕਰਮ ਮਜੀਠੀਆ ਉਸ ਪੇਸ਼ੀ 'ਚ ਪੇਸ਼ ਨਹੀਂ ਹੋਏ ਸਨ, ਜਦਕਿ ਇਸ ਤੋਂ ਪਹਿਲਾਂ 18 ਦਸੰਬਰ ਨੂੰ ਬਿਕਰਮ ਮਜੀਠੀਆ ਤੋਂ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਤੋਂ ਕੁਝ ਜਵਾਬ ਮੰਗੇ ਗਏ ਸਨ। ਉਨ੍ਹਾਂ ਇਲਜ਼ਾਮ ਲਾਏ ਕਿ ਇਹ ਮੇਰੇ ਉੱਤੇ ਝੂਠਾ ਕੇਸ ਦਰਜ ਕਰਨਾ ਚਾਹੁੰਦੇ ਹਨ। ਮਜੀਠੀਆ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਮੁਤਾਬਕ ਮੈਨੂੰ ਸਿਟ ਕੋਲ ਵਾਰ-ਵਾਰ ਪੇਸ਼ ਹੋਣ ਬਾਰੇ ਕੋਈ ਜ਼ਿਕਰ ਨਹੀਂ ਹੈ, ਪਰ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੇਸ਼ ਹੋ ਰਿਹਾ ਹਾਂ, ਤਾਂ ਜੋ ਸੱਚਾਈ ਸਾਹਮਣੇ ਆਵੇ।

ਕਾਂਗਰਸ 'ਤੇ ਸਾਧਿਆ ਨਿਸ਼ਾਨਾ: ਬਿਕਰਮ ਮਜੀਠੀਆ ਨੇ SIT ਅੱਗੇ ਜਾਣ ਤੋਂ ਪਹਿਲਾਂ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਤੋਂ ਬਾਅਦ ਹੁਣ ਕਾਂਗਰਸ ਸੱਤਾ ਵਿੱਚ ਆਈ ਹੈ। ਜੋ ਮਫਲਰ ਅਰਵਿੰਦ ਕੇਜਰੀਵਾਲ ਪਹਿਨਦੇ ਸਨ, ਉਹ ਹੁਣ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਪਹਿਨ ਲਿਆ ਹੈ। ਹੁਣ ਫੈਸਲਾ ਲੈਣਾ ਹੋਵੇਗਾ ਕਿ ਕਾਂਗਰਸੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਆਸ਼ੂ ਆਦਿ ਦਾ ਕੀ ਕਰਨਾ ਹੈ।

ਅਕਾਲੀ ਸਰਕਾਰ ਦੌਰਾਨ ਮਜੀਠੀਆ ਦਾ ਨਾਮ ਆਇਆ ਸੀ ਸਾਹਮਣੇ:ਸਾਲ 2013 'ਚ ਪੰਜਾਬ ਪੁਲਿਸ ਨੇ ਪਹਿਲਵਾਨ ਜਗਦੀਸ਼ ਸਿੰਘ ਭੋਲਾ ਨੂੰ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਫਿਰ ਮੁਹਾਲੀ ਅਦਾਲਤ ਦੇ ਬਾਹਰ ਪੇਸ਼ੀ ਦੌਰਾਨ ਜਗਦੀਸ਼ ਭੋਲਾ ਨੇ ਬਿਕਰਮ ਮਜੀਠੀਆ ਦਾ ਨਾਂ ਲੈ ਕੇ ਦੋਸ਼ ਲਾਏ ਸਨ। ਹਾਲਾਂਕਿ, ਉਸ ਸਮੇਂ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ ਸੀ। ਇਸ ਤੋਂ ਬਾਅਦ ਜਦੋਂ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ। ਉਨ੍ਹਾਂ ਨੇ ਇਸ ਮਾਮਲੇ 'ਤੇ ਸਾਲ 2018 'ਚ ਸਰਕਾਰ ਨੂੰ ਰਿਪੋਰਟ ਦਿੱਤੀ ਸੀ। ਇਸ ਵਿੱਚ ਮਜੀਠੀਆ ਦਾ ਨਾਂ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਉਸ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੋਇਆ।

ਕਾਂਗਰਸ ਸਰਕਾਰ ਦੌਰਾਨ ਹੋਇਆ ਸੀ ਕੇਸ ਦਰਜ: ਪੁਲਿਸ ਨੇ ਮਜੀਠੀਆ ਖ਼ਿਲਾਫ਼ ਕਾਂਗਰਸ ਸਰਕਾਰ ਦੌਰਾਨ 20 ਦਸੰਬਰ 2021 ਨੂੰ ਕੇਸ ਦਰਜ ਕੀਤਾ ਗਿਆ। 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲੀ। ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਜਿਸ ਕੇਸ ਵਿੱਚ ਉਹ ਜੇਲ੍ਹ ਰਹਿ ਕੇ ਆਏ ਹਨ, ਉਸ ਵਿੱਚ ਹਾਲੇ ਤੱਕ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਇਹ ਉਨ੍ਹਾਂ 'ਤੇ ਲਗਾਇਆ ਗਿਆ ਇੱਕ ਵਿਲੱਖਣ ਐਨਡੀਪੀਐਸ ਕੇਸ ਹੈ, ਜਿਸ ਵਿੱਚ ਪੁਲਿਸ ਨੇ ਕੋਈ ਬਰਾਮਦਗੀ ਹੀ ਨਹੀਂ ਕੀਤੀ।

ਚੋਣਾਂ ਤੋਂ ਠੀਕ ਪਹਿਲਾਂ ਮਾਮਲਾ ਦਰਜ: ਕਾਬਿਲੇਗੌਰ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ 2018 ਦੀ ਰਿਪੋਰਟ ਦੇ ਆਧਾਰ 'ਤੇ ਮਜੀਠੀਆ ਖ਼ਿਲਾਫ਼ ਸਟੇਟ ਕ੍ਰਾਈਮ ਬ੍ਰਾਂਚ ਵਿੱਚ ਐਨਡੀਪੀਏ ਐਕਟ ਦੀਆਂ ਧਾਰਾਵਾਂ 25, 27ਏ ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ 49 ਪੰਨਿਆਂ ਦੀ ਐਫਆਈਆਰ ਵਿੱਚ ਮਜੀਠੀਆ ਉੱਤੇ ਗੰਭੀਰ ਦੋਸ਼ ਲਾਏ ਗਏ ਸਨ। ਕੇਸ ਦਰਜ ਹੋਣ ਮਗਰੋਂ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਫਿਲਹਾਲ ਉਹ 10 ਅਗਸਤ 2022 ਤੋਂ ਜ਼ਮਾਨਤ 'ਤੇ ਬਾਹਰ ਹੈ।

ਚੋਣਾਂ ਤੋਂ ਬਾਅਦ ਖੁਦ ਕੀਤਾ ਸੀ ਆਤਮ ਸਮਰਪਣ: ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਐਨਡੀਪੀਐਸ ਐਕਟ ਤਹਿਤ ਮੁਹਾਲੀ ਵਿੱਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਜੀਠੀਆ ਦੇ ਚੋਣ ਲੜਨ ਤੱਕ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਸੀ। ਵੋਟਿੰਗ ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।

Last Updated : Jan 16, 2024, 7:12 PM IST

ABOUT THE AUTHOR

...view details