ਰਾਜਪੁਰਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੇ ਸ਼ਹਿਰ ਰਾਜਪੁਰਾ ਵਿਚੋਂ ਫੜ੍ਹੀ ਗਈ ਨਕਲੀ ਸ਼ਰਾਬ ਦੀ ਫ਼ੈਕਟਰੀ ਦੇ ਮੁਲਾਜ਼ਮਾਂ ਦੀ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਖੁਦ ਮੁੱਖ ਮੰਤਰੀ ਦੀ ਪਤਨੀ ਤੇ ਪਟਿਆਲਾ ਤੋਂ ਐਮਪੀ ਪ੍ਰਨੀਤ ਕੌਰ ਨਾਲ ਨਜ਼ਦੀਕੀਆਂ ਨੂੰ ਲੈ ਕੇ ਉਨ੍ਹਾਂ ਉੱਪਰ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨੇ ਬੁੱਧਵਾਰ ਟਾਹਲੀ ਵਾਲਾ ਚੌਕ ਵਿਖੇ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।
ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਖਜਾਨਚੀ ਨੀਨਾ ਮਿੱਤਲ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਨਸ਼ਾ ਤਸਕਰਾਂ ਦੇ ਹੌਸਲੇ ਵਧ ਚੁੱਕੇ ਹਨ, ਜਿਸ ਕਾਰਨ ਉਹ ਨਕਲੀ ਸ਼ਰਾਬ ਅਤੇ ਨਸ਼ਾ ਵੇਚ ਕੇ ਪੰਜਾਬ ਦੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਬੇਸ਼ਰਮੀ ਨਾਲ ਕਾਂਗਰਸ ਦੇ ਵਿਧਾਇਕ ਨਸ਼ਾ ਤਸਕਰਾਂ ਦੀ ਖੁੱਲ੍ਹ ਕੇ ਮਦਦ ਕਰ ਰਹੇ ਹਨ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸਾਰਾ ਕਾਰਜ ਕੈਪਟਨ ਅਮਰਿੰਦਰ ਸਿੰਘ ਦੀ ਦੇਖ ਰੇਖ ਤੇ ਹੇਠਾਂ ਹੀ ਚੱਲ ਰਿਹਾ ਹੈ।
'ਆਪ' ਆਗੂਆਂ ਨੇ ਕਿਹਾ ਕਿ ਬੀਤੀ ਰਾਤ ਰਾਜਪੁਰਾ ਤੋਂ ਫਿਰ ਇਕ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ, ਇਸ ਦੇ ਦੋਸ਼ੀ ਜੋ ਦੀਪੇਸ਼ ਕੁਮਾਰ ਗਰੋਵਰ ਅਤੇ ਕਾਰਜ ਸਿੰਘ ਜੋ ਗ੍ਰਿਫ਼ਤਾਰ ਕੀਤੇ ਗਏ ਹਨ। ਦੋਵਾਂ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਘਨੌਰ ਦੇ ਵਿਧਾਇਕ ਮਦਨਲਾਲ ਅਤੇ ਐਮਪੀ ਪ੍ਰਨੀਤ ਕੌਰ ਦੇ ਨਜ਼ਦੀਕੀ ਹਨ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਰਾਜਪੁਰਾ, ਮੰਡੀ ਗੋਬਿੰਦਗੜ੍ਹ ਅਤੇ ਪੰਜਾਬ 'ਚ ਹੋਰ ਥਾਵਾਂ ਉੱਤੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸਨ, ਜਿਨ੍ਹਾਂ ਵਿੱਚ ਵੀ ਇਨ੍ਹਾਂ ਹੀ ਲੋਕਾਂ ਦੀ ਸ਼ਮੂਲੀਅਤ ਸੀ।