ਖੇਡ ਮੈਦਾਨ ਵਿੱਚ ਬਿਜਲੀ ਟਾਵਰ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ ਰਾਜਪੁਰਾ:ਰਾਜਪੁਰਾ ਦੇ ਪਿੰਡ ਜੰਡੋਲੀ ਤੋਂ ਖੇਡ ਮੈਦਾਨ ਵਿੱਚ ਧੱਕੇ ਨਾਲ ਬਿਜਲੀ ਟਾਵਰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਦੇਰ ਰਾਤ ਜਦੋਂ ਬਿਜਲੀ ਵਿਭਾਗ ਦੇ ਮੁਲਜ਼ਮ ਟਾਵਰ ਲਗਾਉਣ ਪਹੁੰਚੇ ਤਾਂ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਵਿਭਾਗ ਨੂੰ ਕੰਮ ਰੋਕਣਾ ਪਿਆ।
ਪਿੰਡ ਵਾਸੀਆਂ ਨੇ ਧੱਕਾ ਕਰਨ ਦੇ ਲਗਾਏ ਇਲਜ਼ਾਮ:ਪਿੰਡ ਵਾਸਿਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਸਿਰਫ਼ ਇੱਕ ਛੋਟਾ ਜਿਹਾ ਖੇਡ ਮੈਦਾਨ ਹੈ, ਜਿਸ ਵਿੱਚ ਵਾਲੀਬਾਲ ਦਾ ਨੈੱਟ ਲੱਗਾ ਹੋਇਆ ਹੈ ਤੇ ਇੱਕ ਕਮਰਾ ਬਣਿਆ ਹੋਇਆ ਹੈ, ਜਿਸ ਵਿੱਚ ਜਿੰਮ ਦਾ ਸਮਾਨ ਪਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਇਸ ਛੋਟੇ ਜਹੇ ਮੈਦਾਨ ਨੂੰ ਵੀ ਖਤਮ ਕਰਨ ਜਾ ਰਹੀ ਹੈ। ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਸਬੰਧਿਤ ਵਿਭਾਗ ਵੱਡੇ ਬਿਜਲੀ ਟਾਵਰ ਦੀ ਨਿਸ਼ਾਨ ਦੇਹੀ ਕਰਨ ਆਇਆ ਸੀ ਤਾਂ ਉਸ ਸਮੇਂ ਇਹ ਫੈਸਲਾ ਹੋਇਆ ਸੀ ਕਿ ਖੇਡ ਮੈਦਾਨ ਦੇ ਇੱਕ ਪਾਸੇ ਸਿਰਫ਼ ਟਾਵਰ ਦੇ 2 ਪੋਲ ਹੀ ਲਗਾਏ ਜਾਣਗੇ ਤੇ ਦੂਜੇ 2 ਪੋਲ ਮੈਦਾਨ ਦੇ ਨਾਲ ਲੱਗਦੀ ਨਿੱਜੀ ਜ਼ਮੀਨ ਵਿੱਚ ਲਗਾ ਦਿੱਤੇ ਜਾਣਗੇ ਤਾਂ ਜੋ ਖੇਡ ਦਾ ਮੈਦਾਨ ਬਚ ਸਕੇ।
ਨੌਜਵਾਨਾਂ ਨੇ ਦੱਸਿਆ ਕਿ ਪਹਿਲੇ ਹੋਏ ਸਮਝੌਤੇ ਦੀ ਇੱਕ ਕਾਪੀ ਉਹਨਾਂ ਨੇ ਕੋਲ ਪਈ ਹੈ ਤੇ ਦੂਜੀ ਕਾਪੀ ਹਲਕਾ ਵਿਧਾਇਕ ਨੂੰ ਦਿੱਤੀ ਗਈ ਸੀ, ਪਰ ਹੁਣ ਦੂਜੀ ਧਿਰ ਦਾ ਦਬਾਅ ਹੋਣ ਕਾਰਨ ਪੂਰਾ ਬਿਜਲੀ ਟਾਵਰ ਹੀ ਖੇਡ ਮੈਦਾਨ ਦੇ ਬਿਲਕੁੱਲ ਵਿਚਾਲੇ ਲਗਾਇਆ ਜਾ ਰਿਹਾ ਹੈ ਤੇ ਖੇਡ ਮੈਦਾਨ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਇਸ ਸਬੰਧੀ ਵਿਧਾਇਕਾ ਨੂੰ ਮਿਲਣ ਵੀ ਪਹੁੰਚੇ ਸੀ, ਪਰ ਉਹ ਨਹੀਂ ਮਿਲੇ ਤੇ ਉਹਨਾਂ ਨੇ ਪੀਏ ਵੀ ਪਿੰਡ ਵਿੱਚ ਆ ਕੇ ਮੌਕਾ ਦੇਖ ਚੁੱਕੇ ਹਨ ਤੇ ਸਾਡੇ ਨਾਲ ਧੱਕਾ ਹੋ ਰਿਹਾ ਹੈ।
ਪਰਚੇ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਹਨ ਧਮਕੀਆਂ: ਨੌਜਵਾਨਾਂ ਨੇ ਕਿਹਾ ਕਿ ਸਾਨੂੰ ਪਰਚੇ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਜਦੋਂ ਵਿਧਾਇਕਾ ਦਾ ਪੀਏ ਇੱਥੇ ਆਇਆ ਸੀ ਤਾਂ ਉਦੋਂ ਸਾਨੂੰ ਧਮਕੀਆਂ ਦਿੱਤੀਆਂ ਗਈ ਕੇ ਵਿਭਾਗ ਪੁਲਿਸ ਲਿਆ ਕੇ ਇਹ ਪੋਲ ਲਗਾ ਦੇਵੇਗੀ, ਤੇ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਲਕਾ ਵਿਧਾਇਕਾਂ ਦੇ ਭਰੋਸਾ ਦੇਣ ਦੇ ਬਾਵਜੂਦ ਹੋ ਰਿਹਾ ਧੱਕਾ: ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ 3 ਤੋਂ 4 ਵਾਰ ਇਸ ਸਬੰਧੀ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਾਂ ਤੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਸੀ ਕਿ ਖੇਡ ਮੈਦਾਨ ਦੇ ਵਿੱਚ ਟਾਵਰ ਨਹੀਂ ਲੱਗੇਗਾ, ਪਰ ਇਸ ਦੇ ਬਾਵਜੂਦ ਸਾਡੇ ਨਾਲ ਧੱਕਾ ਹੋ ਰਿਹਾ ਹੈ ਤੇ ਸਾਡੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ।