ਪਟਿਆਲਾ: ਬੀਤੇ ਦਿਨ ਪਟਿਆਲਾ ਸੈਂਟਰਲ ਜੇਲ੍ਹ ਦੇ ਚਾਰ ਅਫ਼ਸਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਬਿਹਾਰ ਦੇ ਮੁਜ਼ੱਫਰਪੁਰ ਆਸਰਾ ਘਰ ਮਾਮਲੇ ਦੇ ਮੁੱਖ ਮੁਲਜ਼ਮ ਬ੍ਰਿਜੇਸ਼ ਠਾਕੁਰ ਤੋਂ 15 ਲੱਖ ਰੁਪਏ ਦੀ ਫ਼ਿਰੌਤੀ ਲਈ ਸੀ।
ਦਰਅਸਲ ਬ੍ਰਿਜੇਸ਼ ਠਾਕੁਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਪਟਿਆਲਾ ਸੈਂਟਰਲ ਜੇਲ੍ਹ 'ਚ ਸ਼ਿਫ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਬ੍ਰਿਜੇਸ਼ ਦੇ ਪਰਿਵਾਰ ਵਾਲਿਆਂ ਨੇ ਸੁਪਰੀਮ ਕੋਰਟ 'ਚ ਅਰਜ਼ੀ ਦਿੱਤੀ ਸੀ ਕਿ ਉਸ ਨੂੰ ਪਟਿਆਲਾ ਸੈਂਟਰਲ ਜੇਲ੍ਹ 'ਚ ਤੰਗ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਉਥੋਂ ਸ਼ਿਫਟ ਕਰ ਦਿੱਤਾ ਜਾਵੇ। ਕੋਰਟ ਨੇ ਇਹ ਅਰਜੀ ਖ਼ਾਰਜ ਕਰ ਦਿੱਤੀ ਸੀ।
ਇਸ ਤੋਂ ਬਾਅਦ ਮੁੜ ਦੋਸ਼ ਉੱਠੇ ਕਿ ਬ੍ਰਿਜੇਸ਼ ਨੂੰ ਜੇਲ੍ਹ 'ਚ ਤੰਗ ਕੀਤਾ ਜਾ ਰਿਹਾ ਹੈ। ਇਹ ਮਾਮਲਾ ਫਿਰ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੂੰ ਸੌਂਪਿਆ ਗਿਆ। ਬ੍ਰਿਜੇਸ਼ ਨੇ ਟੀਮ ਨੂੰ ਦੱਸਿਆ ਕਿ ਗੈਂਗਸਟਰ ਗੇਰੂ ਬੱਚਾ ਅਤੇ ਅਮਿਤ ਭੂਰਾ ਬੈਰਕ 'ਚ ਉਸ ਦਾ ਸਰੀਰਕ ਸ਼ੋਸ਼ਣ ਕਰਦੇ ਸਨ ਤੇ ਇਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਬ੍ਰਿਜੇਸ਼ ਨੂੰ ਕਿਸੇ ਹੋਰ ਬੈਰਕ 'ਚ ਸ਼ਿਫਟ ਕਰ ਦਿੱਤਾ ਗਿਆ। ਇਸ ਦੌਰਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਬੰਦ ਹੋ ਗਏ। ਇਨ੍ਹਾਂ ਗੈਂਗਸਟਰਾਂ ਨੇ ਬ੍ਰਿਜੇਸ਼ ਨੂੰ ਤੰਗ ਕੀਤਾ ਅਤੇ ਉਸ ਦੇ ਪਰਿਵਾਰ ਤੋਂ 15 ਲੱਖ ਰੁਪਏ ਲੈ ਲਏ।
ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਜੇਲ੍ਹ 'ਚ ਤਾਇਨਾਤ ਅਧਿਕਾਰੀਆਂ ਦਾ ਤਬਾਦਲਾ ਕਰਕੇ ਇਸ ਮਾਮਲੇ ਦੀ ਜਾਂਚ ਆਈਪੀਐੱਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੌਂਪ ਦਿੱਤੀ ਸੀ। ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਟੀਮ ਮੁਤਾਬਕ ਇਸ ਰਿਪੋਰਟ ਵਿਚ ਕਿਹਾ ਹੈ ਕਿ ਜੇਲ੍ਹ 'ਚ ਬੰਦ ਗੈਂਗਸਟਰਾਂ ਦੀ ਮਦਦ ਨਾਲ ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਬ੍ਰਿਜੇਸ਼ ਦੇ ਪਰਿਵਾਰ ਤੋਂ ਪੈਸੇ ਲਏ ਹਨ। ਹੁਣ ਇਨ੍ਹਾਂ ਚਾਰਾਂ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।