ਪਠਾਨਕੋਟ: ਹਲਕਾ ਭੋਆ ਦੇ ਪਿੰਡ ਸਿਉਂਟੀ ਦੇ ਨਲਕਿਆਂ ਦਾ ਪਾਣੀ ਸੁੱਕ ਗਿਆ ਹੈ। ਰਾਵੀ ਦਰਿਆ ਦੇ ਕੰਢੇ 'ਤੇ ਵਸੇ ਹੋਣ ਦੇ ਬਾਵਜੂਦ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਰਾਵੀ ਦਰਿਆ 'ਚ ਕਰੈਸ਼ਰ ਲਗਾ ਕੇ ਮਾਈਨਿੰਗ ਕਰਨ ਕਰਕੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2 ਸਾਲ ਪਹਿਲਾਂ ਸਰਕਾਰੀ ਟਿਊਬਲ ਦੀਆਂ ਪਾਈਪਾਂ ਅਜੇ ਤੱਕ ਨਹੀਂ ਵਿੱਛੀਆਂ।
ਪੀਣ ਵਾਲੇ ਪਾਣੀ ਦੀ ਕਿੱਲਤ ਹੋਣ ਕਾਰਨ ਲੋਕ ਸੜਕਾਂ 'ਤੇ ਉੱਤਰ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਨਲਕਿਆਂ ਵਿੱਚ 10 ਤੋਂ 20 ਫੁੱਟ 'ਤੇ ਪਾਣੀ ਆ ਜਾਂਦਾ ਸੀ ਪਰ ਹੁਣ ਰਾਵੀ ਦਰਿਆ ਦੇ ਵਿੱਚ ਕ੍ਰੈਸ਼ਰ ਲੱਗੇ ਹੋਣ ਕਾਰਨ ਪਾਣੀਆਂ ਦੇ ਬੋਰ ਡੂੰਘੇ ਹੋ ਗਏ ਹਨ।