ਪਠਾਨਕੋਟ: ਬੀਤੇ ਦਿਨੀ ਰਾਤ ਸਮੇਂ ਗਸ਼ਤ ਕਰ ਰਹੀ ਪੁਲਿਸ ਪਾਰਟੀ 'ਤੇ ਹੋਏ ਹਮਲੇ ਦੇ ਮਾਮਲੇ ਨੂੰ 48 ਘੰਟਿਆਂ ਦਰਮਿਆਨ ਸੁਲਝਾਉਂਦੇ ਹੋਏ ਪੁਲਿਸ ਨੇ 11 ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਸੋਮਵਾਰ ਨੂੰ ਤਿੰਨ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।
ਮਾਮਲੇ ਬਾਰੇ ਐਸਐਚਓ ਥਾਣਾ ਤਾਰਾਗੜ੍ਹ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਗਸ਼ਤ ਵਿੱਚ ਵਾਧਾ ਕੀਤਾ ਗਿਆ ਸੀ, ਜਿਸ ਤਹਿਤ ਰਾਤ ਸਮੇਂ ਪੁਲਿਸ ਪਾਰਟੀ ਪਰਮਾਨੰਦ ਬੱਸ ਅੱਡੇ ਨਜ਼ਦੀਕ ਗਸ਼ਤ ਕਰ ਰਹੀ ਸੀ। ਬੱਸ ਅੱਡੇ 'ਤੇ ਗਸ਼ਤ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਖੜੇ 10-11 ਨੌਜਵਾਨਾਂ ਨੂੰ ਜਦੋਂ ਉੱਥੇ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਮੁਲਾਜ਼ਮਾਂ ਦੇ ਨਾਲ ਉਲਝ ਗਏ ਅਤੇ ਹੱਥੋਪਾਈ ਕਰਦੇ ਹੋਏ ਹਮਲਾ ਕਰ ਦਿੱਤਾ।
ਗਸ਼ਤ ਦੌਰਾਨ ਪੁਲਿਸ ਪਾਰਟੀ 'ਤੇ ਹਮਲਾ ਕਰਨ ਵਾਲੇ ਨੌਜਵਾਨਾਂ ਵਿੱਚੋਂ ਤਿੰਨ ਗ੍ਰਿਫ਼ਤਾਰ ਉਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਹਮਲੇ ਵਿੱਚ ਏਐਸਆਈ ਦਲੀਪ ਸਿੰਘ ਅਤੇ ਹੋਮਗਾਰਡ ਜਵਾਨ ਪੀਐਸਜੀ ਕਮਲ ਕੁਮਾਰ ਜ਼ਖ਼ਮੀ ਹੋ ਗਏ। ਕਮਲ ਕੁਮਾਰ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਸੂਚਨਾ ਮਿਲਣ 'ਤੇ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਮਲੇ ਉਪਰੰਤ ਕਥਿਤ ਦੋਸ਼ੀ ਉਥੋਂ ਫ਼ਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਪੀੜਤ ਮੁਲਾਜ਼ਮਾਂ ਦੇ ਬਿਆਨਾਂ 'ਤੇ 11 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਸੱਤ ਦੀ ਪਛਾਣ ਕਰ ਲਈ ਗਈ ਹੈ, ਜਦਕਿ ਚਾਰ ਅਣਪਛਾਤੇ ਹਨ।
ਐਸਐਚਓ ਨੇ ਦੱਸਿਆ ਕਿ ਸੋਮਵਾਰ ਨੂੰ ਇੱਕ ਸੂਚਨਾ ਮਿਲੀ ਸੀ ਕਿ ਕਥਿਤ ਦੋਸ਼ੀ ਸਵਿਫਟ ਕਾਰ ਵਿੱਚ ਘੁੰਮ ਰਹੇ ਹਨ, ਜਿਸ 'ਤੇ ਸ਼ਾਮ ਸਮੇਂ ਛਾਪਾ ਮਾਰ ਕੇ ਕਾਰ ਨੂੰ ਕਾਬੂ ਕਰਕੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਹਮਲਾ ਕਰਨ ਵਾਲੇ ਨੌਜਵਾਨ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।