ਪਠਾਨਕੋਟ: ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਗਰੀਬ ਘਰਾਂ ਦੀਆਂ ਮਹਿਲਾਵਾਂ ਨੂੰ ਚੁੱਲ੍ਹੇ ਦੇ ਧੂੰਏਂ ਤੋਂ ਬਚਾਉਣ ਲਈ ਉੱਜਵਲਾ ਯੋਜਨਾ ਦੀ ਸ਼ੁਰੁਆਤ ਕੀਤੀ ਗਈ ਸੀ ਅਤੇ ਜੋ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਹਨ ਉਨ੍ਹਾਂ ਨੂੰ ਮੁਫ਼ਤ 'ਚ ਗੈਸ ਕੁਨੈਕਸ਼ਨ ਵੰਡੇ ਗਏ ਸੀ, ਪਰ ਇਹ ਯੋਜਨਾ ਦਮ ਤੋੜਦੀ ਨਜ਼ਰ ਆ ਰਹੀ ਹੈ ਕਿਉਂਕਿ ਗੈਸ ਸਿਲੰਡਰ ਦੇ ਰੇਟ ਬਹੁਤ ਜ਼ਿਆਦਾ ਵੱਧ ਚੁੱਕੇ ਹਨ।
ਮੁਫ਼ਤ 'ਚ ਮਿਲੀ ਗੈਸ ਸਿਲੰਡਰ ਨੂੰ ਭਰਮਾਉਣ ਲਈ ਲੋਕਾਂ ਕੋਲ ਪੈਸੇ ਨਹੀਂ ਹਨ। ਜਿਸ ਕਰਕੇ ਮਹਿਲਾਵਾਂ ਇੱਕ ਵਾਰ ਫਿਰ ਤੋਂ ਚੁੱਲ੍ਹੇ 'ਤੇ ਰੋਟੀ ਬਣਾਉਣ ਲਈ ਮਜ਼ਬੂਰ ਹਨ ਅਤੇ ਕੇਂਦਰ ਸਰਕਾਰ ਅੱਗੇ ਗੁਹਾਰ ਲਗਾ ਰਹੀਆਂ ਹਨ ਕਿ ਜਾਂ ਤਾਂ ਗੈਸ ਸਿਲੰਡਰ ਵਾਪਿਸ ਲੈ ਲਏ ਜਾਣ ਜਾਂ ਫਿਰ ਗੈਸ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ।
ਕੇਂਦਰ ਸਰਕਾਰ ਦੀ ਉਜਵਲਾ ਯੋਜਨਾ ਮਹਿੰਗਾਈ ਦੇ ਚੱਲਦਿਆਂ ਤੋੜ ਰਹੀ ਦਮ ਇਸ ਬਾਰੇ ਗੱਲਬਾਤ ਕਰਦੇ ਹੋਏ ਮਹਿਲਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਗੈਸ ਕੁਨੈਕਸ਼ਨ ਤਾਂ ਦੇ ਦਿੱਤੇ ਗਏ ਪਰ ਵੱਧ ਰਹੀ ਮਹਿੰਗਾਈ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਕਾਰਨ ਇਸ 'ਚ ਦੁਬਾਰਾ ਗੈਸ ਭਰਵਾਉਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ, ਜਿਸ ਕਾਰਨ ਉਹ ਚੁੱਲ੍ਹੇ 'ਤੇ ਅੱਗ ਬਾਲ ਕੇ ਰੋਟੀ ਬਣਾਉਣ ਲਈ ਮਜ਼ਬੂਰ ਹਨ।
ਉੱਧਰ ਜਦੋਂ ਇਸ ਸਬੰਧ 'ਚ ਡੀ.ਐੱਫ.ਐੱਸ.ਸੀ ਪਠਾਨਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਜਵਲਾ ਯੋਜਨਾ ਦੇ ਤਹਿਤ ਮਹਿਲਾਵਾਂ ਨੂੰ ਗੈਸ ਸਿਲੰਡਰ ਵੰਡੇ ਗਏ ਸਨ ਪਰ ਉਨ੍ਹਾਂ ਸਿਲੰਡਰਾਂ ਨੂੰ ਦੁਬਾਰਾ ਰੀਫਿਲਿੰਗ ਕਰਵਾਉਣ ਦੇ ਆਦੇਸ਼ ਅਜੇ ਸਰਕਾਰ ਵੱਲੋਂ ਨਹੀਂ ਦਿੱਤੇ ਗਏ, ਜੇਕਰ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਦੇਸ਼ ਆਉਂਦੇ ਹਨ ਤਾਂ ਫਿਰ ਉਸ ਤੋਂ ਬਾਅਦ ਹੀ ਉਹ ਕੁਝ ਕਰ ਸਕਣਗੇ।
ਇਹ ਵੀ ਪੜ੍ਹੋ:ਬਰਾਨਾਲਾ ਪੁਲਿਸ ਨੇ ਬਿਨਾਂ ਮਾਸਕ ਤੋਂ ਘੁੰਮਣ ਵਾਲਿਆਂ ਖਿਲਾਫ਼ ਕੀਤੀ ਸਖ਼ਤ ਕਾਰਵਾਈ