ਪਠਾਨਕੋਟ: ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਵੱਲੋਂ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਖਤਮ ਹੋ ਗਿਆ ਸੀ ਅਤੇ ਹੁਣ ਐਤਵਾਰ ਨੂੰ ਮੱਤਦਾਤਾਵਾਂ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ।
ਉਮੀਦਵਾਰਾਂ ਵੱਲੋਂ ਪੂਰਾ ਜ਼ੋਰ
ਜੇਕਰ ਪਠਾਨਕੋਟ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਥੇ ਕੁੱਲ 50 ਵਾਰਡ ਹਨ ਅਤੇ ਪਿਛਲੀ ਵਾਰ 32 ਵਾਰਡਾਂ 'ਤੇ ਭਾਜਪਾ ਦਾ ਕਬਜ਼ਾ ਸੀ। ਜਦਕਿ 8 ਵਾਰਡ ਅਜ਼ਾਦ ਉਮੀਦਵਾਰਾਂ ਦੀ ਝੋਲੀ ਸਨ ਅਤੇ 10 ਵਾਰਡ ਕਾਂਗਰਸੀ ਉਮੀਦਵਾਰਾਂ ਦੇ ਸਨ। ਇਸ ਵਾਰ ਫਿਰ ਪਠਾਨਕੋਟ ਨਗਰ ਨਿਗਮ ਦੇ 50 ਵਾਰਡਾਂ 'ਤੇ ਚੋਣਾਂ ਪੈਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਹਰ ਪਾਰਟੀ ਦੇ ਉਮੀਦਵਾਰ ਨੇ ਜਿਤਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ।
ਦੇਖੋ ਪਠਾਨਕੋਟ ਨਗਰ ਨਿਗਮ ਦਾ ਲੇਖਾ ਜੋਖਾ ਲੋਕਾਂ ਦੀਆਂ ਸਮੱਸਿਆਵਾਂ
ਹਾਲਾਂਕਿ ਹਰ ਵਾਰ ਦੀ ਤਰ੍ਹਾਂ 5 ਸਾਲਾਂ ਮਗਰੋਂ ਚੋਣਾਂ ਤਾਂ ਮੁੜ ਆਣ ਖੜੀਆਂ ਹੋਈਆਂ ਪਰ ਅੱਜ ਵੀ ਲੋਕਾਂ ਦੀਆਂ ਉਹੀ ਮੰਗਾਂ ਹਨ ਜੋ ਪਿਛਲੀ ਵਾਰ ਸਨ। ਹੁਣ ਵੀ ਲੋਕ ਸੀਵਰੇਜ ਪਾਣੀ ਅਤੇ ਗੰਦਗੀ ਦੇ ਨਾਲ ਜੂਝ ਰਹੇ ਹਨ। ਚਾਹੇ ਪਠਾਨਕੋਟ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਦਾ ਦਰਜਾ ਤਾਂ ਮਿਲ ਗਿਆ ਪਰ ਲੋਕ ਅਜੇ ਵੀ ਮੁਢਲੀਆਂ ਸੁਵਿਧਾਵਾਂ ਤੋਂ ਵਾਂਝੇ ਹਨ।
ਉਮੀਦਵਾਰ ਪਾਰਟੀਆਂ
ਲੋਕਾਂ ਤੋਂ ਵੋਟਾਂ ਮੰਗਣ ਲਈ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਆਜ਼ਾਦ ਉਮੀਦਵਾਰ, ਬਹੁਜਨ ਸਮਾਜ ਪਾਰਟੀ ਅਤੇ ਹੋਰ ਲੋਕ ਨਗਰ ਨਿਗਮ ਦੇ ਵਿੱਚ ਆਪਣੀ ਕਿਸਮਤ ਅਜ਼ਮਾਓਣ ਲਈ ਘਰ-ਘਰ ਗਏ। ਪਰ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਉਸ ਨੂੰ ਹੀ ਵੋਟ ਪਾਉਣਗੇ ਜੋ ਵਿਕਾਸ ਕਰਵਾਏਗਾ।
ਸਥਾਨਕ ਲੋਕਾਂ ਨੇ ਕਿਹਾ ਹੈ ਕਿ ਨਗਰ ਨਿਗਮ ਬਣਨ ਤੋਂ ਪਹਿਲਾਂ ਜੋ ਮੁਸ਼ਕਿਲਾਂ ਪਠਾਨਕੋਟ ਦੇ ਵਿੱਚ ਸਨ ਉਹੀ ਮੁਸ਼ਕਲਾਂ ਅਜੇ ਵੀ ਹਨ। ਲੋਕ ਅੱਜ ਵੀ ਸਾਫ਼ ਪਾਣੀ ਦੇ ਲਈ ਤਰਸ ਰਹੇ ਹਨ, ਗਲੀਆਂ ਦੇ ਵਿਚ ਗੰਦਗੀ ਹੈ ਅਤੇ ਸਫ਼ਾਈ ਕਰਨ ਕੋਈ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਨ ਤੋਂ ਬਾਅਦ ਹੀ ਪਠਾਨਕੋਟ ਵਿਚ ਵਿਕਾਸ ਕਾਰਜ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੇ।