ਚੰਡੀਗੜ੍ਹ: ਪੰਜਾਬ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਦੋਵੇਂ ਅੱਤਵਾਦੀ ਪਠਾਨਕੋਟ ਤੋਂ ਫੜੇ ਗਏ ਹਨ ਜਿਨ੍ਹਾਂ ਕੋਲੋਂ ਇੱਕ ਏਕੇ-47, 2 ਮੈਗਜ਼ੀਨ ਤੇ 60 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪਠਾਨਕੋਟ ਪੁਲਿਸ ਮੁਤਾਬਿਕ ਇਹ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪੰਜਾਬ ਵੜਨ ਦੀ ਫਿਰਾਕ ਵਿੱਚ ਸਨ। ਦੋਵਾਂ ਦੀ ਪਛਾਣ ਸ਼ੋਪੀਆਂ ਦੇ 26 ਸਾਲਾਂ ਆਮਿਰ ਹਸਨ ਅਤੇ 27 ਸਾਲਾਂ ਵਸੀਮ ਹਸਨ ਵਾਨੀ ਵਜੋਂ ਹੋਈ ਹੈ। ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਦੋਵੇਂ ਕਸ਼ਮੀਰ ਤੋਂ ਪੰਜਾਬ ਇੱਕ ਟਰੱਕ (JK-03-C-7383) ਰਾਹੀਂ ਅੰਮ੍ਰਿਤਸਰ-ਜੰਮੂ ਹਾਈਵੇਅ ਜ਼ਰੀਏ ਦਾਖਲ ਹੋ ਰਹੇ ਸਨ।
ਅੱਤਵਾਦੀਆਂ ਤੋਂ ਹਥਿਆਰ ਬਰਾਮਦ
ਜੰਮੂ-ਕਸ਼ਮੀਰ ਦੇ ਭਗੌੜੇ ਕਾਂਸਟੇਬਲ ਦੇ ਦੋਵੇਂ ਸਾਥੀ
ਆਮਿਰ ਹਸਨ ਵਾਨੀ ਸ਼ੋਪੀਆਂ ਦੇ ਹਫਸਾਲਮਲ ਦਾ ਰਹਿਣ ਵਾਲਾ ਹੈ ਜਦੋਂਕਿ ਵਸੀਮ ਹਸਨ ਵਾਨੀ ਸ਼ਰਮਲ ਏਰੀਆ ਦਾ ਵਾਸੀ ਹੈ। ਦੋਵੇਂ ਜਣੇ ਕਸ਼ਮੀਰ ਤੋਂ ਪੰਜਾਬ ਵਿੱਚ ਆਟੋਮੈਟਿਕ ਹਥਿਆਰ ਤੇ ਹੈਂਡ ਗ੍ਰੇਨੇਡ ਦੀ ਸਪਲਾਈ ਕਰਨ ਵਿੱਚ ਸ਼ੁਮਾਰ ਦੱਸੇ ਜਾਂਦੇ ਹਨ। ਦੋਵੇਂ ਜਣੇ ਲਸ਼ਕਰ ਅੱਤਵਾਦੀ ਇਸ਼ਫਾਕ ਅਹਿਮਦ ਡਾਰ ਉਰਫ਼ ਬਸ਼ੀਰ ਅਹਿਮਦ ਖਾਨ ਦੇ ਸਾਥੀ ਦੱਸੇ ਜਾਂਦੇ ਹਨ, ਜਿਹੜਾ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਦਾ ਕਾਂਸਟੇਬਲ ਸੀ ਤੇ 2017 ਵਿੱਚ ਉਹ ਭਗੌੜਾ ਹੋ ਕੇ ਅੱਤਵਾਦੀ ਬਣ ਗਿਆ।
ਅੱਤਵਾਦੀਆਂ ਤੋਂ ਹਥਿਆਰ ਬਰਾਮਦ
ਆਈਐਸਆਈ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ- ਡੀਜੀਪੀ
ਦੋਵਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਨੇੜੇ ਪੈਂਦੇ ਮਕਬੂਲਪੁਰਾ ਵੱਲ੍ਹਾ ਤੋਂ ਹਥਿਆਰਾਂ ਦੀ ਸਪਲਾਈ ਲਈ ਸੀ। ਆਮਿਰ ਹਸਨ ਵਾਨੀ ਨੇ ਖੁਲਾਸਾ ਕੀਤਾ ਕਿ ਪਿਛਲੀ ਵਾਰ ਉਨ੍ਹਾਂ ਨੇ ਇਸ਼ਫਾਕ ਅਹਿਮਦ ਡਾਰ ਅਤੇ ਡਾ. ਰਮੀਜ਼ ਰਾਜਾ ਤਰਫ਼ੋ 20 ਲੱਖ ਦੀ ਹਵਾਲਾ ਰਾਸ਼ੀ ਵੀ ਲਈ ਸੀ। ਜਿਹੜੇ ਇਸ ਵੇਲੇ ਅੱਤਵਾਦੀ ਗਤੀਵਿਧੀਆਂ ਕਾਰਨ ਜੰਮੂ ਕਸ਼ਮੀਰ ਦੀ ਜੇਲ੍ਹ ਵਿੱਚ ਬੰਦ ਹਨ। ਡੀਜੀਪੀ ਨੇ ਦੱਸਿਆ ਕਿ ਦੋਵਾਂ ਦੀ ਗ੍ਰਿਫ਼ਤਾਰੀ ਇੰਟੈਲੀਜੈਂਸ ਇਨਪੁੱਟਸ ਮਗਰੋਂ ਹੋਈ ਹੈ ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਪਾਕਿਸਤਾਨ ਦੀ ਆਈਐਸਆਈ ਏਜੰਸੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੀ ਹੋਈ ਹੈ।
ਅੱਤਵਾਦੀਆਂ ਤੋਂ ਹਥਿਆਰ ਬਰਾਮਦ