ਪਠਾਨਕੋਟ:ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਕਾਂਗਰਸ ਦੇ ਆਗੂਆਂ ਵਲੋਂ ਸਰਕਾਰ ਦੇ ਮੰਤਰੀਆਂ ਖਿਲਾਫ਼ 92 ਏਕੜ ਜ਼ਮੀਨ ਘੁਟਾਲੇ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਜਿਸ ਦੇ ਚੱਲਦੇ ਕਾਂਗਰਸ ਦੀ ਲੀਡਰਸ਼ਿਪ ਵਲੋਂ ਪਠਾਨਕੋਟ ਦੇ ਹਲਕਾ ਭੋਆ 'ਚ ਇਕੱਠੇ ਹੋ ਕੇ ਕਥਿਤ 92 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਧਰਨਾ ਦਿੱਤਾ ਗਿਆ ਤੇ ਨਾਲ ਹੀ ਸਰਕਾਰ ਦੇ ਮੰਤਰੀ ਲਾਲਚੰਦ ਕਟਾਰੂਚੱਕ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਜਿਸ 'ਚ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਅਤੇ ਬਾਕੀ ਪਾਰਟੀ ਲੀਡਰਸ਼ਿਪ ਵੀ ਮੌਜੂਦ ਰਹੀ।
ਦਿਨਾਂ 'ਚ DDPO ਨੂੰ ਤਰੱਕੀ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇੱਕ ਭ੍ਰਿਸ਼ਟ ਡੀ.ਡੀ.ਪੀ.ਓ. ਨੂੰ ਦਿਨਾਂ 'ਚ ਪਹਿਲਾਂ ਏ.ਡੀ.ਸੀ ਬਣਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ 92 ਏਕੜ ਜ਼ਮੀਨ ਦੇ ਇਸ ਪੂਰੇ ਘਪਲੇ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਘਪਲੇ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਅਤੇ ਮੰਤਰੀ ਕਟਾਰੂਚੱਕ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਸਰਕਾਰ ਦੀ ਵੱਡੀ ਲੀਡਰਸ਼ਿਪ ਘਪਲੇ 'ਚ ਸ਼ਾਮਲ: ਉਨ੍ਹਾਂ ਕਿਹਾ ਕਿ ਦਸ ਦਿਨਾਂ 'ਚ ਇਹ ਸਾਰਾ ਘਪਲਾ ਹੋਇਆ ਹੈ, ਜਿਸ ਨੂੰ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ। ਜਿਸ 'ਚ ਸਰਕਾਰ ਦੀ ਵੱਡੀ ਲੀਡਰਸ਼ਿਪ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੰਤਰੀ ਕਟਾਰੂਚੱਕ ਅਤੇ ਧਾਲੀਵਾਲ ਖਿਲਾਫ਼ ਕਾਰਵਾਈ ਹੋਵੇ ਤੇ ਸਰਕਾਰ ਇੰਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਘਪਲੇ ਦੀ ਜਾਂਚ ਅਤੇ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ।
ਭ੍ਰਿਸ਼ਟ ਮੰਤਰੀਆਂ 'ਤੇ ਕਾਰਵਾਈ ਕਰੇ ਸਰਕਾਰ:ਇਕ ਸਵਾਲ ਪੁੱਛੇ ਜਾਣ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਭਤੀਜੇ 'ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁਕੱਦਮਾ ਚੱਲ ਰਿਹਾ ਹੈ ਤੇ ਨਾਲ ਹੀ ਸਰਕਾਰ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ 'ਤੇ ਵੀ ਮਾਈਨਿੰਗ ਨੂੰ ਲੈਕੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿਵੇਂ ਮਰਜੀ ਕਰਵਾਈ ਕਰੇ ਪਰ ਨਾਲ ਹੀ ਉਹ ਮੰਤਰੀ ਕਟਾਰੂਚੱਕ 'ਤੇ ਵੀ ਕਾਰਵਾਈ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਹੀਂ ਕਰਨਗੇ ਤਾਂ ਅਸੀਂ ਅਦਾਲਤਾਂ ਤੱਕ ਪਹੁੰਚ ਕਰਾਂਗੇ ਤੇ ਮੰਤਰੀ ਨੂੰ ਅਹੁਦੇ ਤੋਂ ਲਾਂਬੇ ਕਰਵਾ ਕੇ ਹਟਾਂਗੇ।