ਪਠਾਨਕੋਟ: ਪਿਛਲੇ ਕਈ ਮਹੀਨਿਆਂ ਤੋਂ ਪਠਾਨਕੋਟ ਦੀ ਸਬਜ਼ੀ ਮੰਡੀ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਜਿਸ ਕਾਰਨ ਮੰਡੀ ਦੇ ਦੁਕਾਨਦਾਰਾਂ ਤੇ ਗਾਹਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਬਿਜਲੀ ਦੇ ਖੰਭੇ ਵਿੱਚ ਕਰੰਟ ਆਉਂਦਾ ਸੀ ਜਿਸ ਕਰਕੇ ਬਿਜਲੀ ਵਿਭਾਗ ਵੱਲੋਂ ਖੰਭੇ ਨਾਲੋਂ ਬਿਜਲੀ ਕੱਟ ਦਿੱਤੀ ਗਈ ਸੀ। ਇਸ ਤੋਂ ਬਾਅਦ ਪਾਵਰ ਕਾਰਪੋਰੇਸ਼ਨ ਵੱਲੋਂ ਉਸ ਕੱਟੀ ਹੋਈ ਬਿਜਲੀ ਨੂੰ ਦੁਬਾਰਾ ਜੋੜਣ ਲਈ ਕੋਈ ਨਹੀਂ ਆਇਆ।ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਨਾ ਹੋਣ ਉੱਤੇ ਦੁਕਾਨਦਾਰਾਂ ਨੂੰ ਅੱਤ ਦੀ ਗਰਮੀ ਵਿੱਚ ਪੱਖੀਆਂ ਝੱਲ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਸਮਾਨ ਖਰੀਦਣ ਵਿੱਚ ਵੀ ਦਿੱਕਤ ਹੋ ਰਹੀ ਹੈ।