ਪਠਾਨਕੋਟ:ਸੂਬਾ ਸਰਕਾਰ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅੱਜ ਵੀ ਕੁੱਝ ਲੋਕ ਅਜਿਹੇ ਹਨ ਜੋ ਸਮਾਂ ਬਚਾਉਣ ਦੇ ਲਈ ਕਈ ਜਾਨਾਂ ਖਤਰੇ ਵਿੱਚ ਪਾਉਣ ਤੋਂ ਪਰਹੇਜ਼ ਨਹੀਂ ਕਰਦੇ। ਅਜਿਹਾ ਹੀ ਮਾਮਲਾ ਪਠਾਨਕੋਟ ਦੀ ਸੁਜਾਨਪੁਰ ਰੋਡ ਉੱਤੇ ਵੇਖਣ ਨੂੰ ਮਿਲਿਆ, ਜਿੱਥੇ ਬੱਸ ਡਰਾਈਵਰ ਦੀ ਗਲਤੀ ਨਾਲ ਸਕੂਲ ਬੱਸ ਰੋਡ ਤੋਂ ਹੇਠਾਂ ਉੱਤਰ ਗਈ, ਪਰ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬੱਸ ਵਿੱਚ ਸਵਾਰ ਬੱਚਿਆਂ ਨੂੰ ਹਲਕੀਆਂ ਸੱਟਾਂ (Minor injuries to children) ਲੱਗੀਆਂ।
ਤੇਜ਼ ਰਫ਼ਤਾਰ ਦਾ ਕਹਿਰ: ਇਸ ਸਬੰਧੀ ਜਾਣਕਾਰੀ ਦਿੰਦੇ ਸਥਾਨਕ ਲੋਕਾਂ ਅਤੇ ਸਕੂਲੀ ਬੱਚਿਆਂ ਨੇ ਦੱਸਿਆ ਕਿ ਡਰਾਈਵਰ ਬੱਸ ਬਹੁਤ ਤੇਜ਼ੀ ਨਾਲ ਚਲਾਉਂਦਾ ਹੈ। ਜਿਸ ਕਾਰਣ ਇਹ ਹਾਦਸਾ ਵਾਪਰਿਆ ਹੈ। ਲੋਕਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਸਕੂਲ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਇਸ ਦੇ ਬਾਵਜੂਦ ਸਕੂਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਅੱਜ ਇਹ ਹਾਦਸਾ ਵੇਖਣ ਨੂੰ ਮਿਲਿਆ ਹੈ। ਲੋਕਾਂ ਨੇ ਸਕੂਲ ਪ੍ਰਬੰਧਨ ਅਤੇ ਪ੍ਰਸ਼ਾਸਨ ਅੱਗੇ (Demand from school management and administration) ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਵਾਹਨ ਚਾਲਕਾਂ ਉੱਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਬਾਕੀ ਬੱਸ ਡਰਾਈਵਰਾਂ ਨੂੰ ਨਸੀਹਤ ਮਿਲੇ ਅਤੇ ਉਹ ਸੜਕੀ ਨਿਯਮਾਂ ਦੀ ਪਾਲਣਾ ਕਰਨ, ਜਿਸ ਨਾਲ ਲੋਕਾਂ ਦੇ ਬੱਚੇ ਸੁਰੱਖਿਅਤ ਰਹਿ ਸਕਣ।
ਬੱਸ ਚਾਲਕ ਦੀ ਦਲੀਲ:ਹਾਦਸੇ ਸਬੰਧੀ ਜਦੋਂ ਬੱਸ ਦੇ ਚਾਲਕ ਨਾਲ ਗਲ ਕੀਤੀ ਗਈ ਤਾਂ ਉਸ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਪਹਿਲੀ ਡਿਊਟੀ ਬੱਚਿਆਂ ਨੂੰ ਸਮਾਂ ਰਹਿੰਦੇ ਸਕੂਲ ਪਹੁੰਚਾਉਣਾ ਹੈ ਅਤੇ ਅੱਜ ਜਦੋਂ ਉਹ ਬੱਚਿਆਂ ਨੂੰ ਲੈਕੇ ਸਕੂਲ ਜਾ ਰਹੇ ਸਨ ਤਾਂ ਅੱਗੇ ਜਾ ਰਹੇ ਵਾਹਨਾਂ ਨੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਕਾਰਣ ਵੱਡਾ ਹਾਦਸਾ ਰੋਕਣ ਦੇ ਲਈ ਉਸ ਨੇ ਬੱਸ ਨੂੰ ਰੋਡ ਤੋਂ ਹੇਠਾਂ ਉਤਾਰ ਦਿੱਤਾ। ਜਦਕਿ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਬਸ ਡਰਾਈਵਰ ਦੀ ਗਲਤੀ (Accident due to driver error) ਕਾਰਨ ਇਹ ਹਾਦਸਾ ਹੋਇਆ ਹੈ।