ਪਠਾਨਕੋਟ: ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ਸਮੇਂ ਦੇ ਨਾਲ-ਨਾਲ ਫਿੱਕੀ ਪੈ ਜਾਂਦੀ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਪਠਾਨਕੋਟ ਦੇ ਹਲਕਾ ਭੋਆ ਦੇ ਵਿੱਚ ਜਿੱਥੇ ਕੁੱਝ ਸਾਲ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਕਮਿਊਨਟੀ ਹਾਲ ਦਾ ਨਿਰਮਾਣ ਸਮੇਂ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ।
ਇਸ ਦਾ ਮੰਤਵ ਇਹ ਸੀ ਕਿ ਹਲਕਾ ਭੋਆ ਦੇ ਕਸਬਾ ਨਰੋਟ ਮਹਿਰਾ ਅਤੇ ਉਸ ਦੇ ਨਾਲ ਲੱਗਦੇ ਕਰੀਬ ਅੱਧਾ ਦਰਜਨ ਪਿੰਡਾਂ ਦੇ ਗ਼ਰੀਬ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਸਸਤੇ ਵਿੱਚ ਕਰਵਾ ਸਕਣ। ਪਰ ਸਮੇਂ ਦੇ ਨਾਲ-ਨਾਲ ਸਹੀ ਦੇਖ-ਰੇਖ ਨਾ ਹੋਣ ਕਰਕੇ ਕਮਿਊਨਿਟੀ ਹਾਲ ਦੀ ਹਾਲਤ ਖ਼ਸਤਾ ਹੁੰਦੀ ਗਈ ਅਤੇ ਹੁਣ ਆਲਮ ਇਹ ਹੈ ਕਿ ਖਿੜਕੀਆਂ ਦਰਵਾਜ਼ੇ ਟੁੱਟ ਚੁੱਕੇ ਹਨ, ਰਸੋਈ ਦੀ ਹਾਲਤ ਖਸਤਾ ਹੈ, ਗੰਦਗੀ ਦਾ ਆਲਮ ਹੈ ਅਤੇ ਇਹ ਹਾਲ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ।