ਪਠਾਨਕੋਟ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਪਠਾਨਕੋਟ ਦੇ ਇੱਕ ਦਿਵਯਾਂਗ ਭਿਖਾਰੀ ਰਾਜੂ ਦਾ ਜ਼ਿਕਰ ਕੀਤਾ ਜੋ ਕਿ ਦੇਸ਼ ਅਤੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ।
ਦਿਵਯਾਂਗ ਭਿਖਾਰੀ ਨੇ ਭੀਖ ਮੰਗ ਲੋਕਾਂ 'ਚ ਵੰਡੇ ਲੱਖਾਂ ਰੁਪਏ, PM ਮੋਦੀ ਨੇ ਕੀਤੀ ਪ੍ਰਸ਼ੰਸਾ
ਦੇਸ਼ਭਰ ਵਿੱਚ ਜਿੱਥੇ ਲੌਕਡਾਊਨ ਜਾਰੀ ਹੈ ਉੱਥੇ ਹੀ ਇਸ ਦੌਰਾਨ ਕਈ ਸਮਾਜਸੇਵੀ ਸੰਸਥਾਵਾਂ ਗਰੀਬ ਲੋਕਾਂ ਦੀ ਮਦਦ ਕਰ ਰਹੀਆਂ ਹਨ। ਇਸੇ ਦਰਮਿਆਨ ਪਠਾਨਕੋਟ ਦੇ ਰਹਿਣ ਵਾਲੇ ਇੱਕ ਦਿਵਯਾਂਗ ਭਿਖਾਰੀ ਨੇ ਮਿਸਾਲ ਕਾਇਮ ਕੀਤੀ ਹੈ। ਜਿਸ ਦੀ ਪ੍ਰਧਾਨ ਮੰਤਰੀ ਮੋਦੀ ਵੱਲੋਂ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਪ੍ਰਸ਼ੰਸਾ ਕੀਤੀ ਹੈ।
ਦਿਵਯਾਂਗ ਹੋਣ ਦੇ ਬਾਵਜੂਦ ਰਾਜੂ ਨੇ ਲੌਕਡਾਊਨ ਦੌਰਾਨ ਆਪਣੇ ਟਰਾਈ ਸਾਈਕਲ ਉੱਤੇ ਭੀਖ ਮੰਗ ਕੇ ਰੁਪਏ ਇਕੱਠੇ ਕੀਤੇ ਅਤੇ ਗਰੀਬ ਪਰਿਵਾਰਾਂ ਨੂੰ 3 ਲੱਖ ਰੁਪਏ ਦਾ ਰਾਸ਼ਨ ਵੰਡਿਆ ਅਤੇ 5,000 ਰੁਪਏ ਤੱਕ ਦੇ ਮਾਸਕ ਵੀ ਵੰਡੇ। ਇਸ ਕਾਰਨ ਹੀ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੋਰ 'ਤੇ ਆਪਣੇ ਸੰਬੋਧਨ ਵਿੱਚ ਰਾਜੂ ਦਾ ਜ਼ਿਕਰ ਕੀਤਾ। ਉਸ ਨੇ ਭੀਖ ਦੇ ਪੈਸਿਆਂ ਨਾਲ ਹੁਣ ਤੱਕ ਕਈ ਗ਼ਰੀਬ ਮਾਪਿਆਂ ਦੀਆਂ ਧੀਆਂ ਦੇ ਵਿਆਹ ਵੀ ਕਰਵਾਏ ਹਨ।
ਰਾਜੂ ਨੇ ਦੱਸਿਆ ਕਿ ਉਹ ਭੀਖ ਦੇ ਪੈਸੇ ਇਕੱਠੇ ਕਰਦਾ ਹੈ ਅਤੇ ਆਪਣੀ ਜ਼ਰੂਰਤ ਮੁਤਾਬਕ ਕੁੱਝ ਰੁਪਏ ਹੀ ਵਰਤਦਾ ਹੈ ਅਤੇ ਬਾਕੀ ਰੁਪਏ ਜੋੜਦਾ ਰਹਿੰਦਾ ਹੈ। ਰਾਜੂ ਨੇ ਕਿਹਾ ਕਿ ਜਿਹੜੀਆਂ ਬੱਚੀਆਂ ਕੋਲ ਪੜ੍ਹਨ ਲਈ ਕਿਤਾਬਾਂ ਨਹੀਂ ਹਨ, ਉਨ੍ਹਾਂ ਨੂੰ ਉਹ ਕਿਤਾਬਾਂ ਵੀ ਲੈ ਕੇ ਦਿੰਦਾ ਹੈ।