ਪਠਾਨਕੋਟ : ਜਿਥੇ ਇੱਕ ਪਾਸੇ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀ ਦੇ ਆਗੂ ਵਿਕਾਸ ਦੇ ਨਾਂਅ ਤੇ ਆਪਣੀ ਦਾਅਵੇਦਾਰੀ ਨੂੰ ਪੇਸ਼ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਜ਼ਿਲ੍ਹੇ ਵਿੱਚ ਵਿਕਾਸ ਦੇ ਦਾਅਵਿਆਂ ਦੀ ਪੋਲ ਖੁਲਦੀ ਨਜ਼ਰ ਆ ਰਹੀ ਹੈ। ਇਥੇ ਸੁਜਾਨਪੁਰ ਹਲਕੇ ਦੇ ਪਿੰਡ ਮੁੱਦੇਸਰ ਕਾਹਨਪੁਰ ਵਿਖੇ ਗੰਦੇ ਪਾਣੀ ਦੀ ਸਮੱਸਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਗੰਦੇ ਪਾਣੀ ਨੂੰ ਲੈ ਕੇ ਲੋਕਾਂ ਨੇ ਪ੍ਰਗਟ ਕੀਤਾ ਰੋਸ
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੂਬਾ ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਈ ਥਾਂਵਾਂ 'ਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਪਠਾਨਕੋਟ ਦੇ ਪਿੰਡ ਮੁੱਦੇਸਰ ਕਾਹਨਪੁਰ ਵਿੱਚ ਲੋਕ ਪਿਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਕਾਰਨ ਪਰੇਸ਼ਾਨ ਹਨ। ਲੋਕਾਂ ਵੱਲੋਂ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਹੈ।
ਇਥੋ ਦੇ ਪਿੰਡਵਾਸੀ ਪਿਛਲੇ ਲੰਬੇ ਸਮੇਂ ਤੋਂ ਸਾਫ਼ ਪਾਣੀ ਲਈ ਸੰਘਰਸ਼ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਸਿਆਸੀ ਆਗੂ ਅਤੇ ਸਥਾਨਕ ਪ੍ਰਸ਼ਾਸਨ ਅਧਿਕਾਰੀ ਨੇ ਇਸ ਦੀ ਸਾਰ ਨਹੀਂ ਲਈ। ਇਸ ਗੰਦੇ ਪਾਣੀ ਦੇ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਪਸ਼ੂ ਵੀ ਬਿਮਾਰ ਹੋ ਰਹੇ ਹਨ। ਇਸ ਪਿੰਡ ਵਿੱਚ ਰਹਿਣ ਵਾਲੇ ਗੁੱਜਰ ਲੋਕਾਂ ਦਾ ਕਹਿਣਾ ਹੈ ਕਿ ਗੰਦਾ ਪਾਣੀ ਪੀਣ ਨਾਲ ਉਨ੍ਹਾਂ ਦੇ ਪਸ਼ੂ ਮਰ ਜਾਂਦੇ ਹਨ। ਉਨ੍ਹਾਂ ਨੂੰ ਮਾਲੀ ਤੌਰ 'ਤੇ ਬਹੁਤ ਨੁਕਸਾਨ ਹੁੰਦਾ ਹੈ।
ਪਿੰਡ ਵਾਸੀਆਂ ਦੇ ਮੁਤਾਬਕ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਿੱਚ ਬਦਬੂ ਫੈਲ ਰਹੀ ਹੈ। ਗੰਦੇ ਪਾਣੀ ਕਾਰਨ ਬੱਚੇ ਅਤੇ ਬਜ਼ੁਰਗਾਂ ਸਮੇਤ ਕਈ ਪਿੰਡ ਵਾਸੀ ਬਿਮਾਰ ਹੋ ਚੁੱਕੇ ਹਨ। ਕਈ ਵਾਰ ਜਾਣੂ ਕਰਵਾਏ ਜਾਣ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟ ਕਰਦੇ ਹੋਏ ਜਲਦ ਹੀ ਇਸ ਸਮੱਸਿਆ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।