ਪਠਾਨਕੋਟ: ਸਾਲ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਿਸ ਤਹਿਤ ਕੇਂਦਰ ਸਰਕਾਰ ਨੇ ਦੇਸ਼ ਵਿੱਚ ਲੱਖਾਂ ਰੁਪਏ ਖਰਚ ਕੇ ਪਬਲਿਕ ਟਾਇਲਟ ਬਣਾਏ ਸੀ ਤਾਂ ਜੋ ਲੋਕ ਖੁੱਲ੍ਹੇ ਵਿੱਚ ਪੇਸ਼ਾਬ ਨਾ ਕਰਨ, ਪਰ ਪਠਾਨਕੋਟ ਦੇ ਸਰਨਾ ਕਸਬੇ ਵਿੱਚ ਇਸ ਤੋਂ ਉਲਟ ਹੀ ਹੋ ਰਿਹਾ ਹੈ। ਪਠਾਨਕੋਟ ਦੇ ਸਰਨਾ ਕਸਬੇ ਵਿੱਚ ਨਗਰ ਨਿਗਮ ਵੱਲੋਂ ਬਣਾਏ ਗਏ ਪਬਲਿਕ ਟਾਇਲਟ ਬੰਦ ਪਏ ਹਨ ਜਿਸ ਕਾਰਨ ਲੋਕ ਖੁੱਲ੍ਹੇ ਵਿੱਚ ਪੇਸ਼ਾਬ ਕਰ ਰਹੇ ਹਨ। ਇਸ ਗੱਲ ਦਾ ਖੁਲਾਸਾ ਸਥਾਨਕ ਵਾਸੀਆਂ ਨੇ ਕੀਤਾ।
ਸਥਾਨਕ ਵਾਸੀਆਂ ਨੇ ਕਿਹਾ ਕਿ ਨਗਰ ਨਿਗਮ ਨੇ ਸਵੱਛ ਭਾਰਤ ਦੀ ਮੁਹਿੰਮ ਤਹਿਤ ਲੱਖਾਂ ਰੁਪਏ ਖਰਚ ਕੇ ਪਬਲਿਕ ਟਾਇਲਟ ਤਾਂ ਬਣਾ ਦਿੱਤੇ ਹਨ ਤੇ ਇਨ੍ਹਾਂ ਦੇ ਬਾਹਰ ਸਵੱਛ ਭਾਰਤ ਦੇ ਵੱਡੇ-ਵੱਡੇ ਬੋਰਡ ਵੀ ਲਗਾ ਦਿੱਤੇ ਹਨ ਪਰ ਪ੍ਰਸ਼ਾਸਨ ਨੇ ਨਾਲ ਹੀ ਇਨ੍ਹਾਂ ਪਬਲਿਕ ਟਾਇਲਟ ਨੂੰ ਤਾਲੇ ਮਾਰ ਵੀ ਦਿੱਤੇ ਹਨ ਜਿਸ ਕਾਰਨ ਇਹ ਪਬਲਿਕ ਟਾਇਲਟ ਵਰਤੋਂ ਵਿੱਚ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪਬਲਿਕ ਟਾਇਲਟ ਦੇ ਬੰਦ ਹੋਣ ਕਾਰਨ ਲੋਕ ਖੁੱਲ੍ਹੇ ਵਿੱਚ ਪੇਸ਼ਾਬ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇ ਇਹ ਪਬਲਿਕ ਟਾਇਲਟ ਬਣੇ ਹਨ ਉਦੋਂ ਤੋਂ ਹੀ ਬੰਦ ਪਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਬਲਿਕ ਟਾਇਲਟ ਵਿੱਚ ਬਿਜਲੀ ਪਾਣੀ ਦਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਇਹ ਬੰਦ ਹਨ।