ਪਠਾਨਕੋਟ: ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਦੂਜੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਪੰਜਾਬ 'ਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਨੂੰ ਈ-ਰਜਿਸਟੇਸ਼ਨ ਕਰਵਾਉਣੀ ਲਾਜ਼ਮੀ ਹੈ। ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ। ਇਸੇ ਤਹਿਤ ਪਠਾਨਕੋਟ ਪੁਲਿਸ ਵੱਲੋਂ ਹਿਮਾਚਲ ਪ੍ਰਦੇਸ਼-ਪੰਜਾਬ ਸਰਹੱਦ 'ਤੇ ਸੂਬੇ ਵਿੱਚ ਦਾਖ਼ਲ ਹੋਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਪੰਜਾਬ 'ਚ ਦਾਖ਼ਲ ਹੋਣ ਲਈ ਨਵੀਆਂ ਹਦਾਇਤਾਂ ਦੇ ਚਲਦੇ ਹਿਮਚਾਲ ਹੱਦ 'ਤੇ ਪਠਾਨਕੋਟ ਪੁਲਿਸ ਨੇ ਲਾਏ ਵਿਸ਼ੇਸ਼ ਨਾਕੇ ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸਪੀ (ਓਪ੍ਰੇਸ਼ਨ) ਹੇਮ ਪੁਸ਼ਪ ਸ਼ਰਮਾ ਨੇ ਕਿਹਾ ਕਿ ਪਠਾਨਕੋਟ ਦੇ ਪੰਜਾਬ-ਹਿਮਾਚਲ ਹੱਦ ਉੱਪਰ ਪਠਾਨਕੋਟ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ। ਇਸ ਨਾਕੇ 'ਤੇ ਬੀਤੀ ਰਾਤ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਤੋਂ ਈ-ਰਜਿਸਟਰੇਸ਼ਨ ਦੀ ਪਰਚੀ ਵੇਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚੋਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਹੀ ਰਾਸਤੇ ਬੰਦ ਕਰ ਦਿੱਤੇ ਗਏ ਹਨ। ਜਿਹੜੇ ਲਿੰਕ ਰੋਡ ਸਨ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਨਿਧਾਰਤ ਥਾਵਾਂ ਤੋਂ ਹੀ ਪੰਜਾਬ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਦਾਖ਼ਲ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਸਰਕਾਰੀ ਹਦਾਇਤਾਂ ਅਨੁਸਾਰ ਬਾਹਰੋਂ ਪੰਜਾਬ 'ਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਇਹ ਕੁਝ ਕਰਨਾ ਜ਼ਰੂਰੀ ਹੋਵੇਗਾ।
1. ਕੋਵਾ ਐਪ ਰਾਹੀਂ
- ਆਪਣੇ ਸਮਾਰਟ ਫੋਨ 'ਚ ਐਪਲ ਐਪ ਸਟੋਰ ਜਾਂ ਐਂਡਰਾਇਡ ਪਲੇਅ ਸਟੋਰ ਤੋਂ ਕੋਵਾ ਐਪ ਡਾਊਨਲੋਡ ਕਰੋ।
- ਐਪ ਨੂੰ ਇੰਸਟਾਲ ਕਰੋ।
- ਮੈਨਿਊ ਤੋਂ ਪੰਜਾਬ ਵਿੱਚ/ਰਾਹੀਂ ਯਾਤਰਾ ਲਈ ਸਵੈ-ਰਜਿਸਟ੍ਰੇਸ਼ਨ ਨੂੰ ਚੁਣੋ।
- ਪੁੱਛੇ ਗਏ ਸਾਰੇ ਵੇਰਵੇ ਭਰੋ ਅਤੇ ਸਬਮਿਟ ਬਟਨ ਦਬਾਓ।
2. ਵੈਬਲਿੰਕ ਰਾਹੀਂ
- https://cova.punjab.gov.in/register ਲਿੰਕ 'ਤੇ ਖ਼ੁਦ ਨੂੰ ਰਜਿਸਟਰ ਕਰੋ
- ਰਜਿਸਟ੍ਰੇਸ਼ਨ ਉਪਰੰਤ ਮੁੱਢਲੇ ਯਾਤਰੂ ਨੂੰ ਐਸ.ਐਮ.ਐਸ ਰਾਹੀਂ ਕਨਫਰਮੇਸ਼ਨ ਲਿੰਕ ਪ੍ਰਾਪਤ ਹੋਵੇਗਾ।
- ਪ੍ਰਿੰਟ ਲਈ ਲਿੰਕ 'ਤੇ ਕਲਿਕ ਕਰੋ
- (QR) ਕੋਡ ਵਾਲਾ ਪ੍ਰਿੰਟ ਏ-4 ਸਾਈਜ਼ ਦੀ ਸ਼ੀਟ 'ਤੇ ਕੱਢੋ
- 4/3 ਪਹੀਆ ਵਾਹਨਾ ਲਈ, ਪ੍ਰਿੰਟ ਸ਼ੀਸ਼ੇ (ਵਿੰਡ ਸਕਰੀਨ) ਦੇ ਖੱਬੇ ਪਾਸੇ ਚਿਪਕਾਓ ਜਾਂ ਡੈਸ਼ਬੋਰਡ 'ਤੇ ਰੱਖੋ।
- ਸੀਮਾਂ 'ਤੇ ਚੈਕਿੰਗ ਪੁਆਇੰਟਾਂ 'ਤੇ ਸਟਾਫ ਵੱਲੋਂ ਪ੍ਰਿੰਟ ਵਾਲੇ (QR) ਕੋਡ ਨੂੰ ਸਕੈਨ ਕੀਤਾ ਜਾਵੇਗਾ।
- ਇਸ ਉਪਰੰਤ ਮੈਡੀਕਲ ਸਕਰੀਨਿੰਗ ਹੋਵੇਗੀ।
- ਸਫਲਤਾਪੂਰਵਰਕ ਮੈਡੀਕਲ ਸਕਰੀਨਿੰਗ ਉਪਰੰਤ ਪ੍ਰਕ੍ਰਿਆ ਮੁਕੰਮਲ ਹੋ ਜਾਵੇਗੀ। ਕੋਵਿਡ ਦੇ ਲੱਛਣ ਸਾਹਮਣੇ ਆਉਣ ਦੀ ਸੂਰਤ ਵਿੱਚ ਸੀਮਾ ਚੈਕਿੰਗ ਪੁਆਇੰਟ 'ਤੇ ਸਿਹਤ ਕਰਮਚਾਰੀਆਂ ਵੱਲੋਂ ਯਾਤਰੀਆਂ ਦੀ ਸਹਾਇਤਾ ਅਤੇ ਮਾਰਗ ਦਰਸ਼ਨ ਕੀਤਾ ਜਾਵੇਗਾ।