ਪਠਾਨਕੋਟ: ਕੋਰੋਨਾ ਮਹਾਂਮਾਰੀ ਕਾਰਨ ਲੌਕਡਾਊਨ ਕਾਰਨ ਸਾਰੇ ਕੰਮਕਾਜ ਠੱਪ ਪੈ ਗਏ ਹਨ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਰਥਿਕ ਤੰਗੀ ਤੋਂ ਬਚਾਉਣ ਲਈ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਮੱਕੀ ਦੀ ਖੇਤੀ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਪਠਾਨਕੋਟ: ਖੇਤੀਬਾੜੀ ਅਫਸਰਾਂ ਨੇ ਕਿਸਾਨਾਂ ਨੂੰ ਮੱਕੀ ਦੀ ਖੇਤੀ ਕਰਨ ਲਈ ਕੀਤਾ ਉਤਸ਼ਾਹਤ - ਖੇਤੀਬਾੜੀ ਵਿਭਾਗ
ਖੇਤੀਬਾੜੀ ਵਿਭਾਗ ਪਠਾਨਕੋਟ 'ਚ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਬੀਜਣ ਦੇ ਲਈ ਜਾਗਰੂਕ ਕਰ ਰਿਹਾ ਹੈ। ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਤਕਨੀਕ ਨਾਲ ਖੇਤ ਦੇ ਵੱਟਾਂ 'ਤੇ ਮੱਕੀ ਬੀਜ ਕੇ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਆਰਥਿਕ ਪੱਖੋਂ ਸਹਾਇਤਾ ਮਿਲੇਗੀ।
ਇਸੇ ਕੜੀ 'ਚ ਖੇਤੀਬਾੜੀ ਅਫਸਰਾਂ ਨੇ ਜ਼ਿਲ੍ਹੇ ਦੇ ਪਿੰਡ ਮਿਰਜ਼ਾਪੁਰ ਵਿਖੇ ਕਿਸਾਨਾਂ ਨੂੰ ਮੱਕੀ ਦੀ ਖੇਤੀ ਕਰਨ ਲਈ ਉਤਸ਼ਾਹਤ ਕੀਤਾ। ਇਸ ਦੌਰਾਨ ਮਹਿਰਾਂ ਨੇ ਕਿਸਾਨਾਂ ਨੂੰ ਰਿਵਾਇਤੀ ਖੇਤੀ ਦੀ ਬਜਾਏ ਬਦਲਵੀਂ ਖੇਤੀ ਬਾਰੇ ਜਾਗਰੂਕ ਕੀਤਾ। ਪਠਾਨਕੋਟ ਵਿੱਚ ਮੱਕੀ ਦੀ ਫ਼ਸਲ ਨੂੰ ਉਤਸ਼ਾਹਤ ਕਰਨ ਦੀ ਖੇਤੀਬਾੜੀ ਵਿਭਾਗ ਵੱਲੋਂ ਖ਼ਾਸ ਮੁਹਿੰਮ ਚਲਾਈ ਗਈ ਹੈ। ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਮੱਕੀ ਦੀ ਬਿਜਾਈ ਤੋਂ ਲੈ ਕੇ ਸਾਂਭ ਸੰਭਾਲ ਅਤੇ ਮੰਡੀਕਰਣ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕੁੱਝ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਮੱਕੀ ਦੀ ਬਿਜਾਈ ਦਾ ਜਾਇਜ਼ਾ ਵੀ ਲਿਆ ਤੇ ਉਨ੍ਹਾਂ ਨੂੰ ਮੱਕੀ ਦੀ ਸਹੀ ਬਿਜਾਈ ਬਾਰੇ ਜਾਣਕਾਰੀ ਦਿੱਤੀ।
ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਕਿਸਾਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਸੂਬੇ ਦੇ ਕਿਸਾਨਾਂ ਨੂੰ ਆਰਥਿਕ ਤੰਗੀ ਦੇ ਹਲਾਤਾਂ ਚੋਂ ਕੱਢਣ ਲਈ ਖੇਤੀਬਾੜੀ ਵਿਭਾਗ ਵੱਖ-ਵੱਖ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੇ ਲਈ ਵਿਭਾਗ ਵੱਲੋਂ ਕਿਸਾਨਾਂ ਨੂੰ ਰਿਵਾਇਤੀ ਖੇਤੀ ਦੀ ਬਜਾਏ ਬਦਲਵੀਂ ਖੇਤੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ 'ਚ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਲਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਡਾ. ਅਮਰੀਕ ਨੇ ਕਿਹਾ ਕਿ ਮੱਕੀ ਦੀ ਫ਼ਸਲ ਕਿਸਾਨਾਂ ਲਈ ਲਾਭਕਾਰੀ ਹੋ ਸਕਦੀ ਹੈ, ਕਿਉਂਕਿ ਬਜ਼ਾਰ 'ਚ ਮੱਕੀ ਨਾਲ ਬਣੇ ਕਈ ਪ੍ਰੋਡਕਟਸ ਵੇਚੇ ਜਾਂਦੇ ਹਨ। ਪੂਰਾ ਸਾਲ ਫੂਡ ਬਜ਼ਾਰ 'ਚ ਮੱਕੀ ਦੀ ਡਿਮਾਂਡ ਬਣੀ ਰਹਿੰਦੀ ਹੈ। ਕਿਸਾਨ ਮੱਕੀ ਦੀਆਂ ਵੱਖ-ਵੱਖ ਕਿਸਮਾਂ ਦੀ ਫ਼ਸਲ ਤਿਆਰ ਕਰਕੇ ਘੱਟ ਖ਼ਰਚੇ 'ਚ ਵਧੀਆ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਆਖਿਆ ਕਿ ਮੱਕੀ ਦੀ ਫਸਲ ਕਿਸਾਨਾਂ ਲਈ ਚੰਗੀ ਆਮਦਨ ਦਾ ਵਧੀਆ ਸਰੋਤ ਬਣ ਸਕਦੀ ਹੈ।